ਕੁਦਰਤੀ ਆਫ਼ਤ ਨਾਲ ਨਜਿੱਠਣ ਵਿੱਚ ਸਰਕਾਰ ਫੇਲ੍ਹ ਕਰਾਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜ ਗਿੱਲ) ਦੀ ਭਰਵੀਂ ਇਕੱਤਰਤਾ ਅੱਜ ਨੇੜਲੇ ਪਿੰਡ ਮਾਣੂੰਕੇ ਵਿੱਚ ਹੋਈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਇਸਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਵਿਕਾਸ ਪੱਖੋਂ ਪੱਛੜ ਗਈ ਹੈ, ਉਥੇ ਆਈ ਕੁਦਰਤੀ ਆਫ਼ਤ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਿੱਚ ਵੀ ਪਿੱਛੇ ਰਹਿ ਗਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਅਨੁਸਾਰ ਉਨ੍ਹਾਂ ਦੀ ਜਥੇਬੰਦੀ ਵਲੋਂ ਹੜ੍ਹ ਪ੍ਰਭਾਵਤ ਕਿਸਾਨਾਂ ਤੇ ਆਮ ਲੋਕਾਂ ਦੀ ਮਦਦ ਲਈ ਉਪਰਾਲਾ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਜਦੋਂ ਕਦੇ ਵੀ ਕਿਸੇ ਵੀ ਸੂਬੇ ਵਿੱਚ ਕੁਦਰਤੀ ਆਫ਼ਤ ਆਈ ਹੈ ਤਾਂ ਹਰੇਕ ਸਰਕਾਰ ਨੇ ਲੋਕਾਂ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਤੇ ਬਾਂਹ ਫੜੀ ਹੈ। ਪਰ ਸਰਕਾਰ ਹੁਣ ਤਕ ਕੋਈ ਵੱਡਾ ਪੈਕੇਜ ਤੇ ਹੋਰ ਰਾਹਤ ਦਾ ਐਲਾਨ ਨਹੀਂ ਕਰ ਸਕੀ। ਉਲਟਾ ਮਿਸ਼ਨ ਚੜ੍ਹਦੀਕਲਾ ਤੇ ਮਿਸ਼ਨ ਸਫ਼ਾਈ ਵਰਗੀ ਮੁਹਿੰਮ ਚਲਾ ਕੇ ਲੋਕਾਂ ਤੋਂ ਹੀ ਮਦਦ ਮੰਗੀ ਜਾ ਰਹੀ ਹੈ। ਇਹ ਕੰਮ ਤਾਂ ਲੋਕ ਖੁਦ ਅਤੇ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਆਪੇ ਕਰ ਸਕਦੇ ਹਨ। ਇਕੱਤਰਤਾ ਦੌਰਾਨ ਲੋੜਵੰਦ ਕਿਸਾਨਾਂ ਨੂੰ ਹਾੜ੍ਹੀ ਫ਼ਸਲ ਬੀਜਣ ਲਈ ਬੀਜ, ਖੇਤਾਂ ਨੂੰ ਪੱਧਰਾ ਕਰਨ ਲਈ ਟਰੈਕਟਰ ਅਤੇ ਤੇਲ ਆਦਿ ਪ੍ਰਬੰਧ ਕਰਕੇ ਦੇਣ ਦਾ ਫ਼ੈਸਲਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਮੌਜੂਦਾ ਸਮੇਂ ਪੰਜਾਬ ਅੰਦਰ ਪੰਜਾਬੀਆਂ ਦੇ ਮਨਾਂ ਵਿੱਚ ਪਰਵਾਸੀ ਮਜ਼ਦੂਰਾਂ ਪ੍ਰਤੀ ਪੈਦਾ ਕੀਤੀ ਜਾ ਰਹੀ ਨਫ਼ਰਤ ਸਬੰਧੀ ਬੋਲਦਿਆਂ ਕਿਹਾ ਕਿ ਜਿਸ ਨੇ ਗਲਤ ਕੰਮ ਕੀਤਾ ਉਹ ਚਾਹੇ ਕੋਈ ਪਰਵਾਸੀ ਮਜ਼ਦੂਰ ਹੋਵੇ ਉਸਨੂੰ ਸਖ਼ਤ ਸਜ਼ਾ ਦਿਵਾਉਣਾ ਹਰੇਕ ਦਾ ਫਰਜ਼ ਹੈ। ਪਰ ਇਕ ਦੀ ਗਲਤੀ ਨੂੰ ਸਮੁੱਚੇ ਭਾਈਚਾਰੇ 'ਤੇ ਥੋਪ ਦੇਣਾ ਸਰਾਸਰ ਗਲਤ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ ਜਿਨ੍ਹਾਂ ਦਾ ਬੀਕੇਯੂ (ਡਕੌਂਦਾ) ਡਟ ਕੇ ਵਿਰੋਧ ਕਰਦੀ ਹੈ। ਲੋੜ ਪੈਣ 'ਤੇ ਇਸ ਖ਼ਿਲਾਫ਼ ਵੀ ਲਾਮਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨਾ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਜਿਸ ਵੀ ਵੰਡੀ ਵਿੱਚੋਂ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਆਈ ਤੇ ਸ਼ਿਕਾਇਤ ਸਾਹਮਣੇ ਆਈ ਤਾਂ ਜਥੇਬੰਦੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ, ਚਮਕੌਰ ਸਿੰਘ ਗਿੱਲ, ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਸਤਿਬੀਰ ਸਿੰਘ ਬੋਪਾਰਾਏ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ।