ਭੱਟੀਆਂ ਢਾਹਾ ਦੇ ਇਕ ਘਰ ਵਿੱਚੋਂ ਸਾਮਾਨ ਚੋਰੀ
ਪਿੰਡ ਭੱਟੀਆਂ ਢਾਹਾ ਦੇ ਇਕ ਘਰ ਵਿੱਚੋਂ ਚੋਰ ਦੋ ਮੁਰਗੇ ਅਤੇ ਤਿੰਨ ਮੁਰਗੀਆਂ ਦੇ ਨਾਲ-ਨਾਲ ਗੈਸ ਸਿਲੰਡਰ, ਕੁੱਕਰ, ਪਤੀਲਾ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਪੁਲੀਸ ਨੇ ਮਾਮਲਾ ਦਰਜ ਕਰਕੇ ਇਨ੍ਹਾਂ ਚੋਰਾਂ ਤੇ ਸਾਮਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਸਕਰਨਪ੍ਰੀਤ ਸਿੰਘ ਵਾਸੀ ਭੱਟੀਆਂ ਢਾਹਾ ਨੇ ਥਾਣਾ ਦਾਖਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਇਹ ਮਾਮਲਾ ਦਰਜ ਹੋਇਆ ਹੈ। ਏ ਐੱਸ ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਕਰਨਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਕੰਮ ’ਤੇ ਗਿਆ ਹੋਇਆ ਸੀ। ਜਦੋਂ ਵਾਪਸ ਆਪਣੇ ਕਮਰੇ ਵਿੱਚ ਮੁੜਿਆ ਤਾਂ ਕਮਰੇ ਦਾ ਜਿੰਦਾ ਟੁੱਟਿਆ ਹੋਇਆ ਸੀ। ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਪਿਆ ਸਾਮਾਨ ਚੋਰੀ ਹੋ ਚੁੱਕਾ ਸੀ। ਉਸਨੇ ਦੱਸਿਆ ਕਿ ਚੋਰੀ ਕੀਤੇ ਗਏ ਸਾਮਾਨ ਵਿੱਚ ਇਨਵਰਟਰ, ਬੈਟਰਾਂ, ਮਿਕਸੀ, ਘੜਾ, ਸਟੀਲ ਦਾ ਜੱਗ, ਚਾਰ ਟੂਟੀਆਂ ਤੋਂ ਇਲਾਵਾ ਦੋ ਮੁਰਗੇ, ਤਿੰਨ ਮੁਰਗੀਆਂ, ਗੈਸ ਸਿਲੰਡਰ, ਚਾਹ ਵਾਲਾ ਵੱਡਾ ਪਤੀਲਾ ਤੇ ਹੋਰ ਸਾਮਾਨ ਸ਼ਾਮਲ ਹੈ। ਥਾਣਾ ਦਾਖਾ ਦੇ ਏ ਐੱਸ ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਬੀਐਨਐਸ ਦੀ ਧਾਰਾ 305, 331 (4) ਅਤੇ ਆਈਪੀਸੀ ਦੀ ਧਾਰਾ 380, 457 ਤਹਿਤ ਮਾਮਲਾ ਦਰਜ ਕੀਤਾ ਹੈ।
