ਗੋਲਡਨ ਹੱਟ ਵਾਲੇ ਰਾਣਾ ਨੇ ਯੂਨਾਈਟਿਡ ਸਿੱਖਜ਼ ਨਾਲ ਪਾਈ ਸਾਂਝ
ਕਿਸਾਨਾਂ ਦੇ ਸੱਚੇ ਹਤੈਸ਼ੀ ਰਾਮ ਸਿੰਘ ਰਾਣਾ ਗੋਲਡਨ ਹੱਟ ਵੱਲੋਂ ਪੰਜਾਬ ਅੰਦਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚੱਲ ਰਹੇ ਰਾਹਤ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਅੱਜ ਯੂਨਾਈਟਿਡ ਸਿੱਖਜ਼ ਨਾਲ ਪੂਰਨ ਸਹਿਯੋਗ ਕਰਨ ਦਾ ਰਸਮੀ ਤੌਰ ਤੇ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਅੰਮ੍ਰਿਤਪਾਲ ਸਿੰਘ ਤੇ ਭੁਪਿੰਦਰ ਸਿੰਘ ਮੱਕੜ ਨੇ ਦੱਸਿਆ ਕਿ ਬੀਤੇ ਦਿਨੀ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਵੱਲੋਂ ਜਜ਼ਬਾਤੀ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਰੰਭੇ ਰਾਹਤ ਸੇਵਾ ਕਾਰਜਾਂ ਵਿੱਚ ਪੰਜਾਬ ਦੀਆਂ ਐਨਜੀਓ ਸੰਸਥਾਵਾਂ ਤੇ ਵਾਲੰਟੀਅਰ ਖੁੱਲ੍ਹ ਕੇ ਆਪਣਾ ਸਹਿਯੋਗ ਨਹੀਂ ਦੇ ਰਹੇ ਹਨ। ਜਿਸ ਦੇ ਮੱਦੇਨਜ਼ਰ ਯੂਨਾਈਟਿਡ ਸਿੱਖਜ਼ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਤਹਿਤ ਉਨ੍ਹਾਂ ਗੋਲਡਨ ਹੱਟ ਵਾਲੇ ਰਾਮ ਸਿੰਘ ਨਾਲ ਤਰੁੰਤ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੀ ਸੰਸਥਾ ਵੱਲੋਂ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਨੇ ਕਿਹਾ ਕਿ ਪਿਛਲੇ ਦਿਨੀ ਉਨ੍ਹਾਂ ਦੀ ਜੁਬਾਨ ਤੋਂ ਜੋ ਜ਼ਜਬਾਤੀ ਸ਼ਬਦ ਨਿਕਲੇ ਸਨ ਉਸ ਦਾ ਮੁੱਖ ਮਨੋਰਥ ਸਾਰੇ ਧਰਮਾਂ ਦੇ ਲੋਕਾਂ ਤੇ ਐਨਜੀਓ ਸੰਸਥਾਵਾਂ ਤੇ ਵਲੰਟੀਅਰਾਂ ਤੋਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਭਲੇ ਲਈ ਸਹਿਯੋਗ ਲੈਣਾ ਸੀ।
ਉਨ੍ਹਾਂ ਕਿਹਾ ਕਿ ਅੱਜ ਮੇਰੇ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਯੂਨਾਈਟਿਡ ਸਿੱਖਜ਼ ਸੰਸਥਾ ਦੇ ਡਾਇਰੈਕਟਰ ਪੰਜਾਬ ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਮੱਕੜ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਪਣਾ ਸਹਿਯੋਗ ਤੇ ਵਲੰਟੀਅਰ ਦੇਣ ਦੀ ਪੇਸ਼ਕਸ਼ ਕੀਤੀ ਹੈ਼। ਉਨ੍ਹਾਂ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਲਈ ਆਪਣੇ ਕਾਰਜ ਸ਼ੁਰੂ ਕਰਨਗੇ।