ਮੈਕਸ ਸਕੂਲ ’ਚ ਗਲੋਬਲ ਹੈਂਡਵਾਸ਼ਿੰਗ ਡੇਅ ਮਨਾਇਆ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਗਲੋਬਲ ਹੈਂਡਵਾਸ਼ਿੰਗ ਡੇਅ ਮੌਕੇ ‘ਯੁਨੀਸੈੱਫ ਤੇ ਭਾਰਤ ਸਕਾਊਟਸ ਐਂਡ ਗਾਈਡਜ਼ ਵੱਲੋਂ ‘ਹੀਰੋ ਬਣੋ’ ਬੈਨਰ ਹੇਠ ਚਲਾਈ ਮੁਹਿੰਮ ਦੇ ਮੱਦੇਨਜ਼ਰ ਹੈਂਡਵਾਸ਼ਿੰਗ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਸਕੂਲ ਦੀਆਂ ਅਧਿਆਪਕਾਵਾਂ ਚਰਨਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਦੀ ਅਗਵਾਈ ਹੇਠ ਇਸ ਗਤੀਵਿਧੀ ਵਿੱਚ ਹਿੱਸਾ ਲੈਂਦਿਆਂ ਸਕੂਲ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਨੇ ਵਿਦਿਆਰਥੀਆਂ ਨੇ ਸਹੀ ਹੱਥ ਧੋਣ ਦੀਆਂ ਆਦਤਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਸਾਰੀ ਗਤੀਵਿਧੀ ਦੌਰਾਨ ਜਿਥੇ ਵਿਦਿਆਰਥੀਆਂ ਨੂੰ ਸਾਬਣ ਅਤੇ ਪਾਣੀ ਨਾਲ ਹੱਥਾਂ ਦੀਆਂ ਹਥੇਲੀਆਂ, ਪਿਛਲਾ ਹਿੱਸਾ, ਉਗਲਾਂ ਤੇ ਨਹੁੰਆਂ ਦੇ ਦਰਮਿਆਨ ਸਫਾਈ ਕਰਨ ਦੇ ਤੌਰ-ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਹੀ ਹੱਥਾਂ ਦੀ ਸਾਫ-ਸਫਾਈ ਦੀ ਮਹੱਤਤਾ ਬਾਰੇ ਵੀ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਕੂਲ ਵਿਚ ਸਫਾਈ ਅਤੇ ਸਿਹਤਮੰਦ ਆਦਤਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦੇਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਰੈਲੀ ਕਰਵਾਈ ਗਈ। ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਸਿਹਤਮੰਦ ਆਦਤਾਂ ਸਿਖਾਉਣਾ ਉਨ੍ਹਾਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ, ਇਸ ਲਈ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹੱਥ ਧੋਣ ਵਰਗੀਆਂ ਸਧਾਰਨ ਆਦਤਾਂ ਨੂੰ ਅਪਣਾ ਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ ਅਤੇ ਅਜਿਹੀਆਂ ਚੰਗੀਆਂ ਆਦਤਾਂ ਸਿਹਤਮੰਦ ਅਤੇ ਅਰੋਗ ਸਮਾਜ ਸਿਰਜਣ ਵਿੱਚ ਵੀ ਸਹਾਈ ਹੁੰਦੀਆਂ ਹਨ। ਅੰਤ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਯਮਿਤ ਤੌਰ ‘ਤੇ ਹੱਥ ਧੋਣ ਦੀ ਆਦਤ ਦਾ ਪਾਲਣ ਕਰਨ ਅਤੇ ਆਪਣੇ ਪਰਿਵਾਰ ਤੇ ਸਮਾਜ ਵਿਚ ਇਸ ਸੰਦੇਸ਼ ਨੂੰ ਫੈਲਾਉਣ ਲਈ ਪ੍ਰੇਰਿਤ ਵੀ ਕੀਤਾ।
 
 
             
            