ਗਲਾਡਾ ਨੇ ਡਾਂਦਲਾ ’ਚ ਗੈਰ ਕਨੂੰਨੀ ਕਲੋਨੀ ਢਾਹੀ
ਨੇੜਲੇ ਪਿੰਡ ਭਾਂਦਲਾ ਵਿੱਚ ਡੇਢ ਏਕੜ ਵਿਚ ਸਥਾਪਤ ਗ਼ੈਰ-ਕਨੂੰਨੀ ਕਲੋਨੀ ਗਲਾਡਾ ਟੀਮ ਨੇ ਪੁਲੀਸ ਤੇ ਪ੍ਰਸਾਸ਼ਨ ਦੀ ਮਦਦ ਨਾਲ ਕਾਰਵਾਈ ਕਰਦਿਆਂ ਢਾਹ ਦਿੱਤੀ ਹੈ। ਇਸ ਮੌਕੇ ਗਲਾਡਾ ਦੇ ਜੂਨੀਅਨ ਇੰਜਨੀਅਰ ਅਕਸ਼ੈ ਵਸ਼ਿਸ਼ਟ ਨੇ ਕਿਹਾ ਕਿ ਕਲੋਨਾਈਜ਼ਰ ਨੇ ਲਗਪਗ ਦੋ ਮਹੀਨੇ ਪਹਿਲਾਂ ਕਲੋਨੀ ਦਾ ਵਿਕਾਸ ਸ਼ੁਰੂ ਕੀਤਾ ਸੀ। ਸ਼ਿਕਾਇਤ ਮਿਲਣ ਉਪਰੰਤ ਵਿਭਾਗ ਨੇ ਗ਼ੈਰ-ਕਨੂੰਨੀ ਉਸਾਰੀ ਨੂੰ ਹਟਾਉਣ ਦਾ ਆਦੇਸ਼ ਜਾਰੀ ਕੀਤਾ। ਮੁੱਖ ਪ੍ਰਸਾਸ਼ਕ ਸੰਦੀਪ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਜੋ ਲੋਕਾਂ ਨੂੰ ਸਸਤੇ ਪਲਾਟਾਂ ਦਾ ਲਾਲਚ ਦੇ ਕੇ ਲੁੱਟਦੇ ਹਨ। ਇਨ੍ਹਾਂ ਕਲੋਨੀਆਂ ਕੋਲ ਨਾ ਤਾਂ ਕਨੂੰਨੀ ਪ੍ਰਵਾਨਗੀ ਹੈ ਅਤੇ ਨਾ ਹੀ ਇਹ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹਨ ਇਸ ਲਈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਗੈਰ-ਕਨੂੰਨੀ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਗਲਾਡਾ ਕਿਸੇ ਵੀ ਗੈਰ-ਕਨੂੰਨੀ ਕਲੋਨੀ ਵਿਚ ਪਾਣੀ, ਸੀਵਰੇਜ ਜਾਂ ਬਿਜਲੀ ਵਰਗੀਆਂ ਸਹੂਲਤਾ ਨਹੀਂ ਦੇਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਇਦਾਦ ਖ੍ਰੀਦਣ ਤੋਂ ਪਹਿਲਾਂ ਗਲਾਡਾ ਦੀ ਅਧਿਕਾਰਤ ਵੈਬਸਾਈਟ ’ਤੇ ਜਾਣ ਅਤੇ ਮਨਜ਼ੂਰਸ਼ੁਦਾ ਤੇ ਨਿਯਮਿਤ ਕਲੋਨੀਆਂ ਦੀ ਸੂਚੀ ਦੀ ਜਾਂਚ ਕਰਨ ਅਤੇ ਸਿਰਫ਼ ਮਨਜ਼ੂਰਸ਼ੁਦਾ ਕਲੋਨੀਆਂ ਵਿਚ ਹੀ ਨਿਵੇਸ਼ ਕੀਤਾ ਜਾਵੇ ਤਾਂ ਜੋ ਪੈਸਾ ਅਤੇ ਘਰ ਦੋਵੇਂ ਸੁਰੱਖਿਅਤ ਰਹਿਣ। ਗਲਾਡਾ ਨਾ ਸਿਰਫ਼ ਢਾਹੁਣ ਲਈ ਕਾਰਵਾਈ ਕਰ ਰਿਹਾ ਹੈ ਸਗੋਂ ਅਜਿਹੇ ਡਿਵੈਲਪਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿੰਡ ਦੇ ਪਾਲ ਸਿੰਘ ਨੇ ਗੈਰ ਕਨੂੰਨੀ ਕਲੋਨੀ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਮੰਡੀ ਗੋਬਿੰਦਗੜ੍ਹ ਦਾ ਇਕ ਕਲੋਨਾਈਜ਼ਰ ਉਸਦੀ ਜ਼ਮੀਨ ਦੇ ਨਾਲ ਲੱਗਦੇ ਇਲਾਕੇ ਵਿਚ ਬਿਨ੍ਹਾਂ ਕਿਸੇ ਸਰਕਾਰੀ ਇਜਾਜ਼ਤ ਤੋਂ ਇਕ ਕਲੋਨੀ ਬਣਾ ਰਿਹਾ ਹੈ। ਉਸਨੇ ਇਸ ਸਬੰਧੀ ਗਲਾਡਾ, ਐਸਡੀਐਮ, ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਇਸ ਮਾਮਲੇ ਸਬੰਧੀ ਹਾਈਕੋਰਟ ਵਿਚ ਕੇਸ ਵੀ ਦਾਇਰ ਕੀਤਾ ਗਿਆ ਸੀ ਜਿਸ ਤੇ ਸ਼ਿਕਾਇਤਾਂ ਦੀ ਜਾਂਚ ਕਰਨ ਉਪਰੰਤ ਗਲਾਡਾ ਨੇ ਇਕ ਟੀਮ ਬਣਾਈ ਅਤੇ ਇਸ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾਇਆ। ਗਲਾਡਾ ਨੇ ਕਲੋਨੀ ਵਿਚ ਬਣੀਆਂ ਸੜਕਾਂ, ਪਲਾਟ ਲਾਈਨਾਂ ਅਤੇ ਹੋਰ ਗੈਰ ਕਨੂੰਨੀ ਢਾਂਚਿਆਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਹੈ। ਇਸ ਦੌਰਾਨ ਬੀਡੀਪੀਓ ਗੁਰਪ੍ਰੀਤ ਸਿੰਘ ਡਿਊਟੀ ਮੈਜਿਸਟ੍ਰੇਟ ਵਜੋਂ ਹਾਜ਼ਰ ਸਨ।