ਗਲਾਡਾ ਨੇ ਚਾਰ ਨਾਜਾਇਜ਼ ਕਲੋਨੀਆਂ ਢਾਹੀਆਂ
ਸ਼ਹਿਰ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਨਾਜਾਇਜ਼ ਅਤੇ ਗ਼ੈਰ-ਯੋਜਨਾਬੱਧ ਵਿਕਾਸ ਪ੍ਰਤੀ ਜ਼ੀਰੋ-ਟਾਲਰੈਂਸ ਨੀਤੀ ਅਪਣਾਈ ਹੋਈ ਹੈ। ਇਸ ਵਿੱਚ ਨਾਜਾਇਜ਼ ਕਲੋਨੀਆਂ ਨੂੰ ਰੋਕਣ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਅੱਜ ਗਲਾਡਾ ਦੇ ਰੈਗੂਲੇਟਰੀ ਵਿੰਗ ਨੇ ਡਿਊਟੀ ਮੈਜਿਸਟ੍ਰੇਟ ਅਤੇ ਪੁਲੀਸ ਫੋਰਸ ਦੀ ਸਹਾਇਤਾ ਨਾਲ ਪਿੰਡ ਜੰਡਿਆਲੀ, ਭੋਲਾਪੁਰ ਅਤੇ ਸਾਹਿਬਾਨਾ ਵਿੱਚ ਚਾਰ ਨਾਜਾਇਜ਼ ਕਲੋਨੀਆਂ ਨੂੰ ਢਹਿ-ਢੇਰੀ ਕੀਤਾ। ਵਧੀਕ ਮੁੱਖ ਪ੍ਰਸ਼ਾਸਕ-3, ਗਲਾਡਾ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਨਫੋਰਸਮੈਂਟ ਟੀਮ ਨੇ ਇਨ੍ਹਾਂ ਥਾਵਾਂ ’ਤੇ ਸੜਕਾਂ, ਉਸਾਰੀਆਂ ਅਤੇ ਢਾਂਚਿਆਂ ਨੂੰ ਢਾਹ ਦਿੱਤਾ। ਪਹਿਲਾਂ ਤੋਂ ਨੋਟਿਸਾਂ ਦੇ ਬਾਵਜੂਦ ਡਿਵੈਲਪਰਾਂ ਨੇ ਨਾਜਾਇਜ਼ ਉਸਾਰੀ ਜਾਰੀ ਰੱਖੀ। ਇਸ ਕਾਰਨ ਇਹ ਕਾਰਵਾਈ ਕੀਤੀ ਜੋ ਬਿਨਾਂ ਵਿਰੋਧ ਤੋਂ ਅੱਗੇ ਵਧੀ।
ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਕਿਹਾ ਕਿ ਅਜਿਹੀਆਂ ਲਾਗੂ ਕਰਨ ਦੀਆਂ ਮੁਹਿੰਮਾਂ ਨਾਜਾਇਜ਼ ਕਲੋਨੀਆਂ ਦੇ ਪ੍ਰਸਾਰ ਨੂੰ ਉਨ੍ਹਾਂ ਦੀ ਸ਼ੁਰੂਆਤ ’ਤੇ ਰੋਕਣ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਗਲਾਡਾ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਸਰਕਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਨਾਜਾਇਜ਼ ਕਲੋਨੀਆਂ ਵਿੱਚ ਕਿਫ਼ਾਇਤੀ ਪਲਾਟਾਂ ਦੇ ਵਾਅਦੇ ਕਰ ਕੇ ਖ਼ਰੀਦਦਾਰਾਂ ਦਾ ਸ਼ੋਸ਼ਣ ਕਰਨ ਵਾਲੇ ਡਿਵੈਲਪਰਾਂ ਤੋਂ ਜਨਤਾ ਨੂੰ ਬਚਾਉਣ ਲਈ ਨਾਜਾਇਜ਼ ਉਸਾਰੀਆਂ ਢਾਹੁਣ ਦੀ ਯੋਜਨਾ ਬਣਾਈ ਹੈ।
ਮੁੱਖ ਪ੍ਰਸ਼ਾਸਕ ਨੇ ਜਨਤਾ ਨੂੰ ਜਾਇਦਾਦ ਖ਼ਰੀਦਣ ਤੋਂ ਪਹਿਲਾਂ ਜਾਇਦਾਦਾਂ ਦੀ ਪੁਸ਼ਟੀ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਇਹ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਣਅਧਿਕਾਰਤ ਕਲੋਨੀਆਂ ਨੂੰ ਪਾਣੀ ਦੀ ਸਪਲਾਈ, ਸੀਵਰੇਜ ਜਾਂ ਬਿਜਲੀ ਕੁਨੈਕਸ਼ਨ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਣਗੀਆਂ। ਪ੍ਰਵਾਨਿਤ ਅਤੇ ਨਿਯਮਤ ਕਲੋਨੀਆਂ ਦੀ ਵਿਆਪਕ ਸੂਚੀ, ਉਨ੍ਹਾਂ ਦੇ ਪ੍ਰਵਾਨਿਤ ਨਕਸ਼ਿਆਂ ਨਾਲ, ਸੰਭਾਵੀ ਖ਼ਰੀਦਦਾਰਾਂ ਲਈ ਸਲਾਹ-ਮਸ਼ਵਰਾ ਕਰਨ ਲਈ ਗਲਾਡਾ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ।
ਗਲਾਡਾ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਅਣਅਧਿਕਾਰਤ ਕਲੋਨੀਆਂ ਦੇ ਡਿਵੈਲਪਰਾਂ ਵਿਰੁੱਧ ਐੱਫਆਈਆਰ ਦਾਇਰ ਕਰਨ ਦੀ ਸਿਫ਼ਾਰਸ਼ ਕੀਤੀ ਹੈ।