Ludhiana news ਸੜਕ ਹਾਦਸੇ ’ਚ ਸਕੂਟੀ ਸਵਾਰ ਲੜਕੀ ਦੀ ਮੌਤ
ਗਗਨਦੀਪ ਅਰੋੜਾ
ਲੁਧਿਆਣਾ, 14 ਫਰਵਰੀ
ਇਥੇ ਲਾਡੋਵਾਲ ਨੇੜੇ ਪੁਲ ’ਤੇ ਵੀਰਵਾਰ ਰਾਤੀਂ ਸਕੂਟੀ ਸਵਾਰ ਲੜਕੀ ਦੀ ਅਣਪਛਾਤੇ ਵਾਹਨ ਹੇਠ ਆਉਣ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੜਕੀ ਦਾ ਸਿਰ ਵਾਹਨ ਹੇਠ ਆਉਣ ਕਰਕੇ ਫਿਸ ਗਿਆ। ਨੇੜਲੇ ਲੋਕਾਂ ਨੇ ਲੜਕੀ ਦੀ ਲਾਸ਼ ਦੇਖ ਕੇ ਤੁਰੰਤ ਪੁਲੀਸ ਨੂੰ ਜਾਣਕਾਰੀ ਦਿੱਤੀ। ਪੀੜਤ ਲੜਕੀ ਦੀ ਪਛਾਣ ਇਕਜੋਤ ਵਾਸੀ ਕਾਲੀ ਸੜਕ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲ ’ਤੇ ਪਾਣੀ ਡਿੱਗਿਆ ਹੋਣ ਕਰਕੇ ਕਾਫ਼ੀ ਫਿਸਲਣ ਸੀ। ਇਸ ਦੌਰਾਨ ਇਕਜੋਤ ਫਿਲੌਰ ਨੇੜੇ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਹੀ ਸੀ। ਇਸ ਦੌਰਾਨ ਲਾਡੋਵਾਲ ਹਾਰਡੀਜ਼ ਵਰਲਡ ਨੇੜੇ ਪੁਲ ’ਤੇ ਕੁੜੀ ਦੀ ਐਕਟਿਵਾ ਫਿਸਲ ਗਈ ਤੇ ਪਿੱਛੋਂ ਤੇਜ਼ ਰਫ਼ਤਾਰ ਵਾਹਨ ਉਸ ਦੇ ਉਪਰੋਂ ਲੰਘ ਗਿਆ। ਪੁਲੀਸ ਅਣਪਛਾਤੇ ਵਾਹਨ ਦੀ ਸ਼ਨਾਖਤ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਲੜਕੀ ਦੇ ਪਰਸ ਵਿੱਚ ਫੋਨ ਤੇ ਹੋਰ ਸਾਮਾਨ ਸੀ, ਜਿਸ ਤੋਂ ਲਾਡੋਵਾਲ ਥਾਣੇ ਦੀ ਪੁਲੀਸ ਨੇ ਉਸ ਦੀ ਪਛਾਣ ਕਰਕੇ ਮਾਪਿਆਂ ਨੂੰ ਹਾਦਸੇ ਬਾਰੇ ਸੂਚਿਤ ਕੀਤਾ। ਪੁਲੀਸ ਨੇ ਦੱਸਿਆ ਕਿ ਇਕਜੋਤ ਬਸਤੀ ਜੋਧੇਵਾਲ ਨੇੜੇ ਪ੍ਰਾਈਵੇਟ ਨੌਕਰੀ ਕਰਦੀ ਸੀ। ਉਹ ਦੋ ਭਰਾਵਾਂ ਦੀ ਇਕੱਲੀ ਭੈਣ ਸੀ।