ਪੜ੍ਹਾਈ ਵਿੱਚ ਪਿੱਛੇ ਰਹਿਣ ਦੇ ਡਰੋਂ ਲੜਕੀ ਵੱਲੋਂ ਖ਼ੁਦਕੁਸ਼ੀ
ਮਹਾਰਾਜਾ ਨਗਰ ਇਲਾਕੇ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਪੜ੍ਹਾਈ ਵਿੱਚ ਪਿੱਛੇ ਰਹਿਣ ਦੇ ਡਰੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮ੍ਰਿਤਕਾ ਭਾਵਨਾ (18) ਦੀ ਮਾਂ ਕੰਮ ਤੋਂ ਘਰ ਵਾਪਸ ਆਈ। ਉਸ ਨੇ ਧੀ ਦੀ ਲਾਸ਼ ਦੇਖ ਕੇ ਰੋਲਾ ਪਾਇਆ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ। ਇਸ ਸਬੰਧੀ ਥਾਣਾ ਪੀਏਯੂ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਪੁਲੀਸ ਟੀਮ ਨੇ ਲਾਸ਼ ਨੂੰ ਥੱਲੇ ਲਾਹਿਆ। ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਮਗਰੋਂ ਪੁਲੀਸ ਨੇ ਜਾਂਚ ਕੀਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਵਨਾ ਇੱਕ ਪ੍ਰਾਈਵੇਟ ਕਾਲਜ ਵਿੱਚ ਬੀਏ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਪ੍ਰਾਪਰਟੀ ਡੀਲਰ ਹਨ ਤੇ ਮਾਂ ਕੁੱਕ ਦਾ ਕੰਮ ਕਰਦੀ ਹੈ। ਵੀਰਵਾਰ ਸਵੇਰੇ ਭਾਵਨਾ ਦੇ ਮਾਤਾ-ਪਿਤਾ ਆਪਣੇ ਆਪਣੇ ਕੰਮ ’ਤੇ ਚਲੇ ਗਏ ਤੇ ਘਰ ਵਿੱਚ ਮੌਜੂਦ ਉਸ ਦਾ ਭਰਾ ਵੀ ਜਿਮ ਚਲਾ ਗਿਆ। ਘਰ ਵਿੱਚ ਇਕੱਲੀ ਰਹਿ ਗਈ ਭਾਵਨਾ ਨੇ ਉਸ ਵੇਲੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਵਨਾ ਆਪਣੀ ਪੜ੍ਹਾਈ ਬਾਰੇ ਚਿੰਤਤ ਸੀ। ਪੜ੍ਹਾਈ ਵਿੱਚ ਥੋੜ੍ਹੀ ਕਮਜ਼ੋਰ ਹੋਣ ਕਾਰਨ ਉਸ ਨੂੰ ਡਰ ਸੀ ਕਿ ਉਹ ਪਿੱਛੇ ਰਹਿ ਜਾਵੇਗੀ। ਇਸੇ ਚਿੰਤਾ ਦੇ ਚੱਲਦਿਆਂ ਉਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਥਾਣਾ ਪੀਏਯੂ ਅਧੀਨ ਆਉਂਦੀ ਪੁਲੀਸ ਚੌਕੀ ਕਿਚਲੂ ਨਗਰ ਦੇ ਇੰਚਾਰਜ ਤੇ ਜਾਂਚ ਅਧਿਕਾਰੀ ਮਹਿੰਦਰ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਹੁਣ ਤੱਕ ਇਹ ਹੀ ਸਾਹਮਣੇ ਆਇਆ ਹੈ ਕਿ ਲੜਕੀ ਪੜ੍ਹਾਈ ਕਾਰਨ ਪ੍ਰੇਸ਼ਾਨ ਸੀ।