ਗਿੱਲ ਦਾ ਗੀਤ ਸੰਗ੍ਰਹਿ ‘ਫੁੱਲਾਂ ਦੀ ਝਾਂਜਰ’ ਰਿਲੀਜ਼
ਡਾ. ਐੱਸ ਪੀ ਸਿੰਘ ਨੇ ਕਿਹਾ ਕਿ ‘ਫੁੱਲਾਂ ਦੀ ਡਾਂਜਰ’ ਪ੍ਰੋ. ਗਿੱਲ ਦਾ ਪਹਿਲਾ ਗੀਤ ਸੰਗ੍ਰਹਿ ਹੈ ਜੋ ਪਹਿਲੀ ਵਾਰ ਸਾਲ 2005 ਵਿੱਚ ਛਪਿਆ। ਉਨ੍ਹਾਂ ਦਾ ਸਾਲ 2022 ਵਿੱਚ ਛਪਿਆ ਦੂਜਾ ਗੀਤ ਸੰਗ੍ਰਹਿ ‘ਪਿੱਪਲ ਪੱਤੀਆਂ’ ਵੀ ਬਲਵਾਨ ਸਰੋਦੀ ਸੁਰ ਕਾਰਨ ਸਾਂਭਣਯੋਗ ਹੈ। ਇਹ ਦੋਵੇਂ ਗੀਤ ਸੰਗ੍ਰਹਿ ਇਕੱਠੇ ‘ਮੇਰੇ ਪੰਜ ਦਰਿਆ’ ਨਾਂ ਹੇਠ ਸ਼ਾਹਮੁਖੀ ਲਿਪੀ ਵਿੱਚ ਵੀ ਛਪ ਚੁੱਕੇ ਹਨ।
ਸੁੱਖੀ ਬਾਠ ਨੇ ਕਿਹਾ ਕਿ ਪ੍ਰੋ. ਗਿੱਲ ਦੀ ਪ੍ਰੇਰਨਾ ਤੇ ਸੁਝਾਅ ਕਾਰਨ ਸਾਲ 2016 ਵਿੱਚ ਅਰਜਨ ਸਿੰਘ ਬਾਠ ਯਾਦਗਾਰੀ ਪੰਜਾਬ ਭਵਨ ਸਰੀ (ਕੈਨੇਡਾ) ਦੀ ਸਥਾਪਨਾ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਗੁਰਭਜਨ ਗਿੱਲ ਦੇ ਇਸ ਗੀਤ ਸੰਗ੍ਰਹਿ ਵਿੱਚੋਂ ਕੁਝ ਗੀਤ ਨਰਿੰਦਰ ਬੀਬਾ, ਜਗਮੋਹਨ ਕੌਰ, ਕਰਨੈਲ ਗਿੱਲ, ਸੁਰਿੰਦਰ ਛਿੰਦਾ, ਹੰਸਰਾਜ ਹੰਸ, ਜਸਬੀਰ ਜੱਸੀ, ਹਰਭਜਨ ਮਾਨ, ਪਾਲੀ ਦੇਤਵਾਲੀਆ ਆਦਿ ਸਮੇਤ 40 ਗਾਇਕਾਂ ਵੱਲੋਂ ਹੁਣ ਤੱਕ ਗਾਏ ਜਾ ਚੁੱਕੇ ਹਨ। ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਕਿਹਾ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਸਿਰਫ਼ ਸ਼ਾਇਰੀ ਹੀ ਨਹੀਂ ਕਰਦੇ ਸਗੋਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਵੀ ਮੋਹਰੀ ਆਗੂ ਰਹੇ ਹਨ। ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੀ ਸੰਸਥਾ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਪ੍ਰੋ. ਗਿੱਲ ਉਨ੍ਹਾਂ ਕਾਲਜ ਦੇ ਪੁਰਾਣੇ ਵਿਦਿਆਰਥੀ ਤਾਂ ਹਨ ਹੀ ਸਗੋਂ ਪਿਛਲੇ 54 ਸਾਲਾਂ ਤੋਂ ਲਗਾਤਾਰ ਇਸ ਸੰਸਥਾ ਨਾਲ ਜੁੜੇ ਹੋਏ ਹਨ।