ਜੀ ਐੱਚ ਜੀ ਅਕੈਡਮੀ ‘ਸਫ਼ਰ-ਏ-ਸ਼ਹਾਦਤ’ ਸਮਾਗਮ ਕਰਵਾਇਆ
ਇਥੇ ਕੋਠੇ ਬੱਗੂ ਸਥਿਤ ਸੀਨੀਅਰ ਸੈਕੰਡਰੀ ਸਕੂਲ ਜੀ ਐੱਚ ਜੀ ਅਕੈਡਮੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ। ਸ਼ਰਧਾ ਅਤੇ ਅਧਿਆਤਮਕ ਸਮਰਪਣ ਨਾਲ ਗੁਰਮਤਿ ਸਮਾਗਮ ‘ਸਫ਼ਰ-ਏ-ਸ਼ਹਾਦਤ’ ਦਾ ਆਖ਼ਰੀ ਦਿਨ ਯਾਦਗਾਰੀ ਜੋ ਨਿੱਬੜਿਆ। ਸਮਾਗਮ ਦੀ ਸ਼ੁਰੂਆਤ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ ਗਈ। ਸਮਾਗਮ ਦੌਰਾਨ ਗੁਰੂ ਤੇਗ ਬਹਾਦਰ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਨੂੰ ਸਮੂਹਿਕ ਤੌਰ ’ਤੇ ਸ਼ਰਧਾਂਜਲੀ ਦਿੱਤੀ ਗਈ। ਬਹਾਦਰੀ, ਹਮਦਰਦੀ ਅਤੇ ਅਟੁੱਟ ਕੁਰਬਾਨੀਆ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ। ਇਸ ਤਿੰਨ ਰੋਜ਼ਾ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਗਈ। ਅੰਤਲੇ ਦਿਨ ਪ੍ਰਸਿੱਧ ਬਾਬਾ ਹਰਵਿੰਦਰ ਸਿੰਘ ਰੌਲੀ ਵਾਲੇ, ਭਾਈ ਮਨਵੀਰ ਸਿੰਘ, ਬਾਬਾ ਗੁਰਚਰਨ ਸਿੰਘ, ਬਾਬਾ ਭਾਗ ਸਿੰਘ ਨੇ ਗਿਆਨ ਭਰਪੂਰ ਕਥਾ, ਢਾਡੀ ਵਾਰਾਂ ਅਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ਵ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਕਰਦਿਆਂ ਗੌਰਵਮਈ ਸਿੱਖ ਇਤਿਹਾਸ ’ਤੇ ਚਾਨਣਾ ਪਾਇਆ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ‘ਮੇਰੀ ਸਿੱਖੀ ਮੇਰੀ ਪਛਾਣ’ ਗੁਰਮਤਿ ਮੁਕਾਬਲਿਆ ਵਿੱਚ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਈ ਪਿੰਦਰਪਾਲ ਸਿੰਘ ਦੀ ਮੌਜੂਦਗੀ ਵਿੱਚ ਜੀ ਐੱਚ ਜੀ ਅਕੈਡਮੀ ਦੀ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਤੇ ਅਹਿਮ ਸ਼ਖ਼ਸੀਅਤਾਂ ਵੱਲੋਂ ਨਕਦ ਇਨਾਮ ਵੰਡੇ ਗਏ। ਅਖ਼ੀਰ ਵਿੱਚ ਚੇਅਰਮੈਨ ਮੱਲ੍ਹੀ ਦੁਆਰਾ ਸਮੂਹ ਸੰਗਤਾਂ ਅਤੇ ਸਮਾਗਮ ਦੌਰਾਨ ਸੇਵਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਚੇਅਰਮੈਨ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਦੇ ਸੰਗਤਾਂ ਅਤੇ ਇਸ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਮੇਤ ਹੋਰ ਪਤਵੰਤੇ ਤੇ ਸਕੂਲ ਸਟਾਫ਼ ਹਾਜ਼ਰ ਸੀ।
