ਸਫ਼ਾਈ ਸੇਵਕਾਂ ਦੇ ਵੇਰਵੇ ਵਾਲੇ ਬੋਰਡ ਲਗਵਾਏ
ਸ਼ਹਿਰ ਦੇ ਵਾਰਡ ਨੰਬਰ-53 ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਮਹਿਕ ਚੱਢਾ ਨੇ ਨਵੀਂ ਪਹਿਲ ਕਰਦਿਆਂ ਆਪਣੇ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਸੇਵਕਾਂ ਦੇ ਵੇਰਵੇ ਵਾਲੇ ਬੋਰਡ ਲਗਾਏ ਹਨ। ਹੁਣ ਵਾਰਡ ਦੇ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਕੰਮ ਕਰਨ ਆਉਣ ਵਾਲੇ ਸਫ਼ਾਈ ਸੇਵਕਾਂ ਦੀ ਪੂਰੀ ਜਾਣਕਾਰੀ ਆਸਾਨੀ ਨਾ ਮਿਲ ਸਕੇਗੀ।
ਕੌਂਸਲਰ ਮਹਿਕ ਚੱਢਾ ਤੇ ਉਨ੍ਹਾਂ ਦੇ ਪਤੀ ਗੁਰਕਰਨ ਸਿੰਘ ਟੀਨਾ ਨੇ ਆਪਣੇ ਵਾਰਡ ਨੰਬਰ 53 ਵਿੱਚ ਵੱਖ-ਵੱਖ ਇਲਾਕਿਆਂ ਸਫ਼ਾਈ ਵਿਵਸਥਾ ’ਚ ਸੁਧਾਰ ਲਈ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਨੇ ਇਲਾਕਿਆਂ ਵਿੱਚ ਸਫ਼ਾਈ ਸੇਵਕਾਂ ਦੇ ਪੂਰੇ ਵੇਰਵੇ ਵਾਲੇ ਬੋਰਡ ਲਗਾਏ ਹਨ, ਜਿਸ ਵਿੱਚ ਇਸ ਇਲਾਕੇ ਦੇ ਨਾਲ ਸਬੰਧਤ ਸਫ਼ਾਈ ਸੇਵਕ ਦਾ ਨਾਮ, ਉਸ ਦਾ ਮੋਬਾਈਲ ਨੰਬਰ, ਉਸ ਦੀ ਡਿਊਟੀ ਦਾ ਸਮਾਂ ਸਭ ਕੁਝ ਸਾਫ਼ ਸਾਫ਼ ਲਿਖਿਆ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜੇ ਕਿਸੇ ਨੂੰ ਸਫ਼ਾਈ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ, ਕਿਸੇ ਇਲਾਕੇ ਦੀ ਸਫ਼ਾਈ ਨਹੀਂ ਹੋ ਰਹੀ ਤਾਂ ਉਹ ਸਿੱਧਾ ਹੀ ਆਪਣੇ ਇਲਾਕੇ ਦੇ ਨਾਲ ਸਬੰਧਤ ਸਫ਼ਾਈ ਸੇਵਕ ਨੂੰ ਫੋਨ ਕਰਕੇ ਆਪਣੀ ਸਫ਼ਾਈ ਕਰਵਾ ਸਕਦੇ ਹਨ। ਇਸ ਸਬੰਧੀ ਕੌਂਸਲਰ ਮਹਿਕ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਾਰਡ ਨੰਬਰ-53 ਵਿੱਚ 10 ਤੋਂ ਵੱਧ ਥਾਵਾਂ ’ਤੇ ਬੋਰਡ ਲਗਾਏ ਹਨ, ਜਿਨ੍ਹਾਂ ਵਿੱਚ ਬੀ ਸੀ ਐੱਸ ਸਕੂਲ ਰੋਡ, ਨਾਮਦੇਵ ਪਾਰਕ, ਇਸ਼ਮੀਤ ਚੌਂਕ, ਕ੍ਰਿਸ਼ਨਾਂ ਮੰਦਰ, ਜੀ ਟੀ ਬੀ ਹਸਪਤਾਲ ਨੇੜੇ, ਏ ਬਲਾਕ, ਲਾਜਪਤ ਨਗਰ ਤੇ ਸ਼ਾਸਤਰੀ ਨਗਰ ਇਲਾਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਅਕਸਰ ਸ਼ਿਕਾਇਤ ਆਉਂਦੀ ਸੀ, ਉਨ੍ਹਾਂ ਦੇ ਵਾਰਡ ਵਿੱਚ ਕੌਣ ਸਫਾਈ ਕਰਨ ਆਉਂਦਾ ਹੈ, ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਲਈ ਇਹ ਪਹਿਲ ਕੀਤੀ ਗਈ ਹੈ।
