ਬੰਦੀ ਛੋੜ ਦਿਵਸ ਬਾਰੇ ਘੁਡਾਣੀ ਕਲਾਂ ’ਚ ਇਕੱਤਰਤਾ
ਦੇਵਿੰਦਰ ਸਿੰਘ ਜੱਗੀ
ਪਾਇਲ, 8 ਜੁਲਾਈ
ਇਥੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿੱਚ ਬੀਤੇ ਦਿਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ ’ਚ ਇਕੱਤਰਤਾ ਹੋਈ। ਇਸ ਦੌਰਾਨ ਸੰਤਾਂ- ਮਹਾਪੁਰਸ਼ਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਹਲਕਾ ਵਿਧਾਇਕ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗਵਾਲੀਅਰ ਤੋਂ ਇੱਕ ਨਗਰ ਕੀਰਤਨ ਸਜਾਉਣ ਬਾਰੇ ਗੁਰਦੁਆਰਾ ਚੋਲਾ ਸਾਹਿਬ ਵਿਖੇ ਸੰਤਾਂ-ਮਹਾਪੁਰਸ਼ਾਂ ਤੇ ਧਾਰਮਿਕ ਸ਼ਖ਼ਸੀਅਤਾਂ ਨਾਲ ਗੁਰਮਤਾ ਕਰਨ ਲਈ ਇਕੱਤਰਤਾ ਬੁਲਾਈ ਗਈ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਮਾਨਤਾ ਨਹੀਂ ਦਿੱਤੀ। ਫਿਰ ਇਹ ਇਕੱਤਰਤਾ ਗੁਰਦੁਆਰਾ ਦਮਦਮਾ ਸਾਹਿਬ ਘੁਡਾਣੀ ਕਲਾਂ ਕੀਤੀ ਗਈ। ਹੁਣ ਬੰਦੀ ਛੋੜ ਦਿਵਸ ਬਾਰੇ ਦੂਜੀ ਇਕੱਤਰਤਾ 14 ਜੁਲਾਈ ਨੂੰ ਬੁਲਾਈ ਗਈ ਹੈ। ਇਸ ਇਕੱਤਰਤਾ ਵਿੱਚ ਸੰਤ ਅਵਤਾਰ ਸਿੰਘ ਧੂਲਕੋਟ, ਬਾਬਾ ਏਕਮ ਸਿੰਘ ਸਿੱਧਸਰ ਸਾਹਿਬ, ਬਾਬਾ ਧਰਮਪਾਲ ਸਿੰਘ ਨਿਜਾਮਪੁਰ,ਬਾਬਾ ਰਣਜੀਤ ਸਿੰਘ ਘਲੋਟੀ, ਬਾਬਾ ਬਲਦੇਵ ਸਿੰਘ ਰਾੜਾ ਸਾਹਿਬ, ਸੰਤ ਜਰਨੈਲ ਸਿੰਘ ਛੰਨਾ, ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਬਾਬਾ ਸਤਿਨਾਮ ਸਿੰਘ ਸਿੱਧਸਰ ਸਿਹੋੜਾ, ਬਾਬਾ ਸੁਖਪਾਲ ਸਿੰਘ, ਸੰਤ ਅਵਤਾਰ ਸਿੰਘ ਮਹੋਲੀ ਤੇ ਹੋਰ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਗੁਰਦੁਆਰਾ ਚੋਲਾ ਸਾਹਿਬ ਦੇ ਮੈਨੇਜਰ ਗੁਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਉਹ ਇਕੱਤਰਤਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਮਨਜ਼ੂਰੀ ਲੈਣ ਕੇ ਹੀ ਗੁਰਮਤਾ ਕਰ ਸਕਦੇ ਹਨ।