ਕਮਜ਼ੋਰ ਚੂਜ਼ੇ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਬਜ਼ਾਰਾਂ ਵਿਚ ਤੁਸੀਂ ਘਟੀਆ ਕੁਆਲਿਟੀ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਤਾਂ ਵਿਕਦੀਆਂ ਜ਼ਰੂਰ ਸੁਣੀਆਂ ਹੋਣਗੀਆਂ ਪਰ ਹੁਣ ਇੱਕ ਠੱਗ ਗਿਰੋਹ ਪੰਜਾਬ ਵਿਚ ਪੋਲਟਰੀ ਫਾਰਮਾਂ ਨੂੰ ਸਸਤੇ ਭਾਅ ਦਾ ਕਹਿ ਕੇ ਘਟੀਆ ਕੁਆਲਿਟੀ ਦੇ ਚੂਜ਼ੇੇ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਹੋਇਆ ਹੈ ਜਿਸ ਦਾ ਖੁਲਾਸਾ ਮਾਛੀਵਾੜਾ ਦੇ ਪੋਲਟਰੀ ਫਾਰਮ ਮਾਲਕ ਜਸਵਿੰਦਰ ਸਿੰਘ ਨੇ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਪੋਲਟਰੀ ਫਾਰਮ ਦੇ ਕਿੱਤੇ ਨਾਲ ਜੁੜਿਆ ਹੈ ਅਤੇ ਕਰੀਬ 2 ਸਾਲ ਪਹਿਲਾਂ ਉਸ ਨੂੰ ਇੱਕ ਵਿਅਕਤੀ ਸਸਤੇ ਭਾਅ ’ਤੇ ਘਟੀਆ ਕੁਆਲਿਟੀ ਦੇ ਚੂਜ਼ੇ ਸਪਲਾਈ ਕਰ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੂਜ਼ਿਆਂ ਨੂੰ ਜਿੰਨੀ ਮਰਜ਼ੀ ਖੁਰਾਕ ਦੇ ਦੇਵੋ ਪਰ ਇਸ ਦਾ ਵਜ਼ਨ 500 ਗ੍ਰਾਮ ਤੋਂ ਵਧਦਾ ਨਹੀਂ ਜਿਸ ਕਾਰਨ ਪੋਲਟਰੀ ਫਾਰਮ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਕਿ ਉਹ ਇੱਕ ਨਾਮੀ ਕੰਪਨੀ ਜੋ ਚੂਜ਼ੇ ਤਿਆਰ ਕਰਦੀ ਹੈ ਜਿਸ ਦਾ ਚੂਜ਼ਾ ਬਾਜ਼ਾਰ ਵਿਚ 35 ਰੁਪਏ ਪ੍ਰਤੀ ਪੀਸ ਹੈ ਪਰ ਉਹ ਉਸ ਨੂੰ 28 ਰੁਪਏ ਵਿਚ ਦੇ ਦੇਵੇਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਠੱਗੀ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਗਿਰੋਹ ਦਾ ਪਰਦਾਫਾਸ਼ ਕਰਨ ਲਈ 200 ਚੂਜ਼ੇ ਦਾ ਆਰਡਰ ਦੇ ਦਿੱਤਾ। ਇਸ ਵਿਅਕਤੀ ਵਲੋਂ ਚੂਚੇ ਦੇ ਕਰੇਟ ਮਾਛੀਵਾੜਾ ਨੇੜੇ ਗੱਡੀ ਵਿਚ ਲਿਆਂਦੇ ਜਿੱਥੋਂ ਉਸ ਨੇ ਛੋਟੇ ਟੈਂਪੂ ਨੂੰ ਕਿਰਾਏ ’ਤੇ ਕਰਕੇ ਮਾਛੀਵਾੜਾ ਭੇਜ ਦਿੱਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਹ 200 ਚੂਜ਼ਾ ਟੈਂਪੂ ਵਿਚ ਉਤਰਵਾ ਲਿਆ ਅਤੇ ਮਾਲਕ ਨੂੰ ਕਿਹਾ ਕਿ ਆ ਕੇ ਪੈਸੇ ਲੈ ਜਾਓ ਤੇ ਕਿਹਾ ਕਿ ਤੇਰਾ ਹੁਣ ਘਟੀਆ ਕੁਆਲਿਟੀ ਦੇ ਚੂਜ਼ੇ ਸਪਲਾਈ ਕਰਨ ਵਾਲਾ ਪਰਦਾਫ਼ਾਸ਼ ਹੋ ਚੁੱਕਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਤੁਰੰਤ ਆਪਣਾ ਫੋਨ ਬੰਦ ਕਰ ਲਿਆ ਅਤੇ ਨਾ ਹੀ ਉਹ 200 ਚੂਜ਼ੇ ਲੈਣ ਆਇਆ ਤੇ ਨਾ ਹੀ ਆਪਣੇ ਪੈਸੇ ਲੈਣ ਆਇਆ। ਉਨ੍ਹਾਂ ਦੱਸਿਆ ਕਿ ਇਸ ਠੱਗ ਗਰੋਹ ਨੇ ਇਸ ਤੋਂ ਪਹਿਲਾਂ ਇਹ ਘਟੀਆ ਕੁਆਲਿਟੀ ਦਾ ਚੂਜ਼ਾ ਮਾਲੇਰਕੋਟਲਾ, ਨਵਾਂਸ਼ਹਿਰ ਤੋਂ ਇਲਾਵਾ ਹੋਰ ਕਈ ਨਵੇਂ ਪੋਲਟਰੀ ਫਾਰਮਰ, ਜੋ ਠੱਗੀ ਤੋਂ ਅਣਜਾਣ ਹੁੰਦੇ ਹਨ ਇਸ ਦੇ ਜਾਲ ਵਿਚ ਫਸ ਜਾਂਦੇ ਹਨ।