ਕਿਲ੍ਹਾ ਰਾਏਪੁਰ ਦੀਆਂ ਖੇਡਾਂ: ਬਾਜ਼ੀਗਰਾਂ ਦੇ ਕਰਤੱਬ ਤੇ ਗਤਕੇ ਦੇ ਜੌਹਰ ਬਣੇ ਖਿੱਚ ਦੇ ਕੇਂਦਰ
ਲੁਧਿਆਣਾ, 31 ਜਨਵਰੀ
ਪੇਂਡੂ ਓਲੰਪਿਕ ਖੇਡਾਂ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਤਿੰਨ ਰੋਜ਼ਾ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੇ ਅੱਜ ਪਹਿਲੇ ਦਿਨ ਦੌੜਾਂ, ਕਬੱਡੀ, ਹਾਕੀ ਦੇ ਮੈਚ ਕਰਵਾਏ ਗਏ ਤੇ ਪੁਰਾਤਨ ਖੇਡਾਂ ਵਿੱਚੋਂ ਬਾਜ਼ੀਗਰਾਂ ਦੀਆਂ ਖੇਡਾਂ ਤੇ ਗਤਕੇ ਦੇ ਜੌਹਰ ਖਿੱਚ ਦਾ ਕੇਂਦਰ ਰਹੇ। ਖੇਡਾਂ ਦਾ ਉਦਘਾਟਨ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਹੋਰ ਸਿਵਲ ਅਧਿਕਾਰੀਆਂ ਨੇ ਸਟੇਡੀਅਮ ਵਿੱਚ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ।
ਸ੍ਰੀ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਹ ਇਤਿਹਾਸਕ ਖੇਡਾਂ ਕਰਵਾਉਣ ਲਈ 75 ਲੱਖ ਰੁਪਏ ਦਾ ਬਜਟ ਰੱਖਿਆ ਹੈ, ਜਿਸ ਨਾਲ ਸੂਬੇ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਕਾਫ਼ੀ ਲਾਭ ਮਿਲੇਗਾ। ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਪ੍ਰਸਿੱਧ ਪੇਂਡੂ ਓਲੰਪਿਕ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਖੇਡਾਂ ਦੇ ਅੱਜ ਪਹਿਲੇ ਦਿਨ ਪੁਰਾਤਨ ਖੇਡਾਂ ਵਿੱਚ ਫਿਰੋਜ਼ਪੁਰ ਦੇ ਜ਼ੋਰਾ ਸਿੰਘ ਅਤੇ ਬਠਿੰਡਾ ਦੇ ਗੁਰਜੰਟ ਸਿੰਘ ਦੀ 16 ਮੈਂਬਰੀ ਟੀਮ ਨੇ ਅੱਗ ਵਿੱਚੋਂ ਛਾਲ ਮਾਰਨ, ਲੋਹੇ ਦੇ ਰਿੰਗ ਵਿੱਚੋਂ ਤਿੰਨ ਜਣੇ ਇਕੱਠੇ ਨਿਕਲਣਾ, ਸਿਰ ’ਤੇ ਬਾਂਸ ਰੱਖ ਕੇ ਬੰਦਾ ਖੜ੍ਹਾ ਕਰਨ ਅਤੇ ਹੋਰ ਅਜਿਹੇ ਕਰਤੱਬ ਦਿਖਾ ਕੇ ਦਰਸ਼ਕਾਂ ਨੂੰ ਮੋਹ ਲਿਆ। ਇਸੇ ਤਰ੍ਹਾਂ ਡੇਹਲੋਂ ਦੇ ਸਰਕਾਰੀ ਸਕੂਲ ਦੀ ਸੂਬਾ ਪੱਧਰ ’ਤੇ ਸੋਨ ਤਗ਼ਮਾ ਜੇਤੂ ਟੀਮ ਦੇ ਨੇ ਗਤਕੇ ਦੇ ਜੌਹਰ ਦਿਖਾਏ।
ਪਹਿਲੇ ਦਿਨ ਹਰ ਉਮਰ ਵਰਗ ਦੇ ਐਥਲੀਟਾਂ ਨੇ ਦਸ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਪੁਰਸ਼ਾਂ ਤੇ ਔਰਤਾਂ ਦੇ ਹਾਕੀ ਮੈਚ, 14 ਸਾਲ ਵਰਗ ਤੇ 17 ਸਾਲ ਵਰਗ ਦੀਆਂ ਲੜਕੀਆਂ ਲਈ ਕਬੱਡੀ (ਨੈਸ਼ਨਲ ਸਟਾਇਲ) ਈਵੈਂਟ ਕਰਵਾਏ ਗਏ। ਮਿਲੇ ਨਤੀਜਿਆਂ ਅਨੁਸਾਰ ਲੜਕੀਆਂ ਦੀ 100 ਮੀਟਰ ਦੌੜ ਵਿੱਚ ਸਿਮਰਨ ਨੇ ਪਹਿਲਾ, ਰਿਸ਼ੀਤਾ ਨੇ ਦੂਜਾ ਅਤੇ ਕਿਰਨਪਾਲ ਕੌਰ ਨੇ ਤੀਜਾ ਸਥਾਨ, ਲੜਕੀਆਂ ਓਪਨ 1500 ਮੀਟਰ ਦੌੜ ਮੁਕਾਬਲੇ ਵਿੱਚ ਜਲੰਧਰ ਦੀ ਟਵਿੰਕਲ ਚੌਧਰੀ ਨੇ ਪਹਿਲਾ, ਬਠਿੰਡਾ ਦੀ ਮਨਦੀਪ ਕੌਰ ਨੇ ਦੂਜਾ ਅਤੇ ਜਲੰਧਰ ਦੀ ਸੀਮਾ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਸੰਗਰੂਰ ਦੀ ਅਕਸੀ ਮਲਿਕ, ਚੰਡੀਗੜ੍ਹ ਦੀ ਰਿਸ਼ੀਤਾ ਕੌਰ ਅਤੇ ਅੰਮ੍ਰਿਤਸਰ ਦੀ ਕਿਰਨਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਮ ਵੇਲੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਯੁਵਕ ਸੇਵਾਵਾਂ ਦੇ ਅਸਿਸਟੈਂਟ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਵੀ ਹਾਜ਼ਰ ਸਨ। ਸਟੇਜ ਦੀ ਕਾਰਵਾਈ ਲੈਕਚਰਾਰ ਹਰਜੀਤ ਸਿੰਘ ਰਤਨ ਨੇ ਨਿਭਾਈ।