ਗਲਵੱਡੀ ਪਿੰਡ ਦੀ ਪੰਚਾਇਤ ‘ਆਪ’ ’ਚ ਸ਼ਾਮਲ
ਇਥੋਂ ਦੇ ਨੇੜਲੇ ਪਿੰਡ ਗਲਵੱਡੀ ਵਿੱਚ ਬੀਤੀ ਦੇਰ ਸ਼ਾਮ ਰਾਜਨੀਤੀ ਮਾਹੌਲ ਉਦੋਂ ਗਰਮਾ ਗਿਆ ਜਦੋਂ ਪਿੰਡ ਦੀ ਪੰਚਾਇਤ ਨੇ ਕਈ ਪਰਿਵਾਰਾਂ ਸਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਵੇਂ ਮੈਬਰਾਂ ਦਾ ਸਿਰੋਪਾਓ ਪਾ ਕੇ ਪਾਰਟੀ ਵਿਚ ਸਵਾਗਤ ਕਰਦਿਆਂ ਬਣਦਾ ਮਾਣ ਸਨਮਾਨ ਦੇਣ ਦਾ ਐਨਾਲ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਪਾਰਟੀ ਹੈ ਜੋ ਹਰ ਵਰਗ ਦੇ ਵਿਕਾਸ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੇ ਹਨ, ਆਪ ਪਾਰਟੀ ਹਮੇਸ਼ਾਂ ਉਨ੍ਹਾਂ ਨਾਲ ਖੜ੍ਹੀ ਹੈ। ਸਾਡਾ ਮਕਸਦ ਸਿਰਫ਼ ਰਾਜਨੀਤੀ ਕਰਨਾ ਨਹੀਂ ਸਗੋਂ ਪਿੰਡਾਂ ਨੂੰ ਵਿਕਸਤ ਕਰਨਾ ਹੈ। ਸੌਂਦ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਭਾਵੇਂ ਉਹ ਸੜਕਾਂ ਦਾ ਨਿਰਮਾਣ ਹੋਵੇ, ਗੰਦਗੀ ਦੀ ਸਫ਼ਾਈ ਜਾਂ ਹੋਰ ਲੋਕ ਭਲਾਈ ਦੇ ਪ੍ਰੋਜੈਕਟ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ ਇਸ ਲਈ ਕਾਂਗਰਸੀ ਤੇ ਅਕਾਲੀ ਮੁੜ ਸੱਤਾ ਵਿਚ ਆਉਣ ਦੇ ਸੁਪਨੇ ਲੈਣਾ ਛੱਡ ਦੇਣ। ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ, ਅਵਤਾਰ ਸਿੰਘ ਦਹੇੜੂ ਅਤੇ ਯਾਦਵਿੰਦਰ ਸਿੰਘ ਲਿਬੜਾ ਹਾਜ਼ਰ ਸਨ।
