ਗੱਜਣਮਾਜਰਾ ਵੱਲੋਂ 24 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਣ
ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਡਿਵੀਜਨ ਅਧੀਨ ਪੈਂਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ 23.5 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਉਦਘਾਟਣ ਕੀਤਾ।
23.5 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਹੋਣ ਵਾਲੀ ਮੁੱਖ ਪ੍ਰੋਜੈਕਟ ਨਾਲ ਆਨੰਦ ਈਸ਼ਰ ਫੀਡਰ ਤੇ ਗਊਸ਼ਾਲਾ ਫੀਡਰਾਂ ਨੂੰ ਦੋ ਦੋ ਹਿੱਸਿਆਂ ਵਿੱਚ ਵੰਡਣ ਨਾਲ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਘਰੇਲੂ ਤੇ ਸਨਅਤੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਅਤੇ ਪਹਿਲਾਂ ਨਾਲੋਂ ਵਧੀਆ ਕੁਆਲਿਟੀ ਦੀ ਸਰਵਿਸ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ਼ ਤੋਂ ਇਲਾਵਾ ਕੁੱਪ ਕਲਾਂ ਬਿਜਲੀ ਗਰਿੱਡ ਤੋਂ ਅਹਿਮਦਗੜ੍ਹ ਬਿਜਲੀ ਗਰਿੱਡ ਤੱਕ ਡਬਲ ਲਾਇਨ ਚਾਲੂ ਹੋਵੇਗੀ। ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਵੱਲੋਂ ਪੰਜਾਬ ਦੀ ਸਨਅਤ ਅਤੇ ਸ਼ਹਿਰਾਂ-ਪਿੰਡਾਂ ਅੰਦਰ ਹਰ ਵਰਗ ਦੇ ਖਪਤਕਾਰਾਂ ਨੂੰ ਨਿਰੰਤਰ ਅਤੇ ਯੋਗ ਢੰਗ ਨਾਲ ਸਪਲਾਈ ਦੇਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਸੁਪਰਟੈਂਡਿਗ ਇੰਜਨੀਅਰ ਅਮਨਦੀਪ ਸਿੰਘ ਖੰਗੂੜਾ ਨੇ ਦੱਸਿਆ ਅੱਗੇ ਦੱਸਿਆ ਕਿ ਮੁੱਖ ਪ੍ਰੋਜੈਕਟ ਤੋਂ ਇਲ਼ਾਵਾ 5 ਕਰੋੜ ਰੁਪਏ ਦੀ ਲਾਗਤ ਨਾਲ ਫੁਟਕਲ ਕੰਮ ਵੀ ਸ਼ੁਰੂ ਕੀਤੇ ਗਏ ਹਨ ਅਤੇ ਸੂਬੇ ਅੰਦਰ ਸਰਕਾਰ ਵਲੋਂ ਬਿਜਲੀ ਦੇ ਨਵੀਨੀਕਰਨ ਸਬੰਧੀ ਨਵੀਂ ਤਕਨੀਕ ਨਾਲ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਸ੍ਰੀ ਖੰਗੂੜਾ ਨੇ ਦਾਅਵਾ ਕੀਤਾ ਕਿ ਨਵੀਨੀਕਰਨ ਦੇ ਨਾਲ ਨਾਲ ਅਹਿਮਦਗੜ੍ਹ ਗਰਿੱਡ ਵਿੱਚ ਚੱਲ ਰਹੇ 20 ਐੱਮ.ਵੀ.ਏ ਟਰਾਂਸਫਾਰਮਰ ਨੂੰ 31.5 ਐੱਮ.ਵੀ.ਏ ਕੀਤਾ ਜਾ ਰਿਹਾ ਹੈ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਕੰਮਲਜੀਤ ਊਭੀ, ਨਗਰ ਕੌਂਸਲ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ ਪਾਲ ਤੇ ਆੜਤੀਆ ਯੂਨੀਅਨ ਦੇ ਪ੍ਰਧਾਨ ਮਨੋਜ ਸ਼ਰਮਾ ਵੀ ਹਾਜ਼ਰ ਸਨ।