ਵਿਧਾਇਕ ਦਲਜੀਤ ਗਰੇਵਾਲ ਦੇ ਪਿਤਾ ਦਾ ਅੰਤਿਮ ਸੰਸਕਾਰ
ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਪਿਤਾ ਬਲਬੀਰ ਸਿੰਘ ਗਰੇਵਾਲ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦਾ ਅੱਜ ਸਥਾਨਕ ਗਊਸ਼ਾਲਾ ਰੋਡ ’ਤੇ ਪੈਂਦੇ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਿਆਸੀ, ਧਾਰਿਮਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਗਰੇਵਾਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਬੀਰ ਸਿੰਘ ਗਰੇਵਾਲ ਇਨਫੈਕਸ਼ਨ ਕਰਕੇ ਸੀ ਐੱਮ ਸੀ ਅਤੇ ਡੀ ਐੱਮ ਸੀ ਤੋਂ ਇਲਾਜ ਕਰਵਾ ਰਹੇ ਸਨ। ਉਹ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਵੀ ਹਸਪਤਾਲ ਵਿੱਚੋਂ ਚੈੱਕਅਪ ਕਰਵਾ ਕੇ ਵਾਪਸ ਆਏ ਸਨ। ਉਨ੍ਹਾਂ ਦੇ ਦੇਹਾਂਤ ਨਾਲ ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ। ਵਿਧਾਇਕ ਦਲਜੀਤ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਰਣਜੋਧ ਸਿੰਘ ਗਰੇਵਾਲ, ਲਕਸ਼ਦੀਪ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਅਗਨੀ ਦਿਖਾਈ। ਇਸ ਦੌਰਾਨ ਗੱਲਬਾਤ ਕਰਦਿਆਂ ਦਲਜੀਤ ਗਰੇਵਾਲ ਕਰਦਿਆਂ ਇੰਨੇ ਭਾਵੁਕ ਹੋ ਗਏ ਕਿ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਸ਼ੋਕ ਪ੍ਰਾਸ਼ਰ ਪੱਪੀ, ਮਦਨ ਲਾਲ ਬੱਗਾ ਅਤੇ ਹੋਰਾਂ ਨੂੰ ਹੌਸਲਾ ਦੇਣ ਲਈ ਅੱਗੇ ਆਉਣਾ ਪਿਆ। ਇਸ ਮੌਕੇ ਹਾਜ਼ਰੀਨ ਨੂੰ ਦੱਸਿਆ ਕਿ ਬਲਬੀਰ ਸਿੰਘ ਗਰੇਵਾਲ ਦੀ ਅੰਤਿਮ ਅਰਦਾਸ 28 ਨਵੰਬਰ ਨੂੰ ਵਿਧਾਇਕ ਦਲਜੀਤ ਗਰੇਵਾਲ ਦੇ ਦਫ਼ਤਰ ਦੇ ਨੇੜੇ ਹੀ ਕੀਤੀ ਜਾਵੇਗੀ। ਅੰਤਿਮ ਸੰਸਕਾਰ ਮੌਕੇ ‘ਆਪ’ ਪਾਰਟੀ ਤੋਂ ਹੀ ਨਹੀਂ ਸਗੋਂ ਭਾਜਪਾ, ਕਾਂਗਰਸ, ਅਕਾਲੀ ਦਲ ਆਦਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਵਿਧਾਇਕ ਦੇ ਪਿਤਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੇਅਰ ਇੰਦਰਜੀਤ ਕੌਰ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਧਾਲੀਵਾਲ, ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ ਸਮੇਤ ਹੋਰ ਕਈ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।
