ਦੋਸਤਾਂ ਨੇ ਕੀਤੀ ਸੀ ਨੌਜਵਾਨ ਦੀ ਹੱਤਿਆ
ਡਾਬਾ ਦੇ ਇਲਾਕੇ ਵਿੱਚ ਨੌਜਵਾਨ ਪ੍ਰਦੀਪ ਤਿਵਾੜੀ ਦੀ ਮੌਤ ਸ਼ੱਕੀ ਹਾਲਤਾਂ ਵਿੱਚ ਨਹੀਂ ਬਲਕਿ ਉਸ ਦੇ ਦੋਸਤਾਂ ਨੇ ਬਹਿਸ ਤੋਂ ਬਾਅਦ ਉਸ ਦਾ ਕਤਲ ਕੀਤਾ ਸੀ। ਪ੍ਰਦੀਪ ਦੇ ਦੋਸਤਾਂ ਦਾ ਉਸ ਨਾਲ ਝਗੜੇ ਹੋ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਪ੍ਰਦੀਪ ਨੂੰ ਅਧਮਰਿਆ ਕਰ ਦਿੱਤਾ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਹ ਉਸ ਨੂੰ ਬਾਈਕ ’ਤੇ ਆਪਣੇ ਨਾਲ ਲੈ ਗਏ। ਰਸਤੇ ਵਿੱਚ ਡਰ ਦੇ ਮਾਰੇ ਉਨ੍ਹਾਂ ਨੇ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਪ੍ਰਦੀਪ ਦੀ ਮੌਤ ਹੋ ਗਈ ਸੀ। ਜਾਂਚ ਤੋਂ ਬਾਅਦ ਪ੍ਰਦੀਪ ਦੇ ਪਿਤਾ ਸ਼ਾਰਦਾ ਪ੍ਰਸਾਦ ਵਾਸੀ ਮੁਹੱਲਾ ਨਿਊ ਮਹਾਦੇਵ ਨਗਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਪ੍ਰਦੀਪ ਦੇ ਦੋਸਤ ਰਿੰਕੂ ਸ਼ਰਮਾ ਅਤੇ ਅਮਿਤ ਕੁਮਾਰ ਵਾਸੀ ਨਿਊ ਸੁੰਦਰ ਨਗਰ ਡਾਬਾ ਵਿਰੁੱਧ ਕਤਲ ਦਾ ਕੇਸ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਦੋਵਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਜਾਂਚ ਅਧਿਕਾਰੀ ਏਐਸਆਈ ਮੀਤ ਰਾਮ ਨੇ ਦੱਸਿਆ ਕਿ ਪ੍ਰਦੀਪ ਖਾਣ-ਪੀਣ ਲਈ ਆਪਣੇ ਮੋਟਰ ਸਾਈਕਲ ’ਤੇ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਆਪਣੇ ਦੋਸਤਾਂ ਨੂੰ ਮਿਲਿਆ ਅਤੇ ਤਿੰਨੋਂ ਸੜਕ ਕਿਨਾਰੇ ਖੜ੍ਹੇ ਹੋ ਕੇ ਗੱਲਾਂ ਕਰਨ ਲੱਗ ਪਏ। ਗੱਲਾਂ ਕਰਦੇ-ਕਰਦੇ ਤਿੰਨਾਂ ਵਿੱਚ ਬਹਿਸ ਹੋ ਗਈ ਅਤੇ ਰਿੰਕੂ ਅਤੇ ਅਮਿਤ ਨੇ ਪ੍ਰਦੀਪ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਉਹ ਬੇਹੋਸ਼ ਹੋ ਗਿਆ। ਪ੍ਰਦੀਪ ਦੇ ਬੇਹੋਸ਼ ਹੋ ਜਾਣ ਤੋਂ ਬਾਅਦ ਉਹ ਉਸ ਨੂੰ ਸਾਈਕਲ ’ਤੇ ਬਿਠਾ ਕੇ ਲੈ ਗਏ। ਰਸਤੇ ਵਿੱਚ ਹਸਪਤਾਲ ਲਿਜਾਣ ਦੀ ਬਜਾਏ ਉਹ ਉਸਨੂੰ ਸੜਕ ਕਿਨਾਰੇ ਸੁੱਟ ਕੇ ਭੱਜ ਗਏ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਮੀਤ ਰਾਮ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।