ਦੋਸਤਾਂ ਨੇ ਨਾਬਾਲਗ ਦੀ ਕੁੱਟਮਾਰ ਕੀਤੀ ਤੇ ਅਸ਼ਲੀਲ ਵੀਡੀਓ ਬਣਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੁਲਾਈ
ਜਗਰਾਉਂ ਤੋਂ ਖਰੀਦਦਾਰੀ ਲਈ ਆਏ ਚਾਰ ਦੋਸਤ ਦੇਰ ਰਾਤ ਹੋਣ ਕਾਰਨ ਬੱਸ ਸਟੈਂਡ ਦੇ ਨੇੜੇ ਇੱਕ ਹੋਟਲ ਵਿੱਚ ਰੁਕੇ। ਮੁਲਜ਼ਮਾਂ ਨੇ ਨਾਬਾਲਗ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ। ਮੁਲਜ਼ਮਾਂ ਨੇ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ। ਕਿਸੇ ਤਰ੍ਹਾਂ ਨਾਬਾਲਗ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕੀਤਾ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਡਿਵੀਜ਼ਨ ਪੰਜ ਵਿੱਚ ਸ਼ਿਕਾਇਤ ਕੀਤੀ। ਜਗਰਾਉਂ ਦੇ ਲਾਜਪਤ ਰਾਏ ਰੋਡ ਇਲਾਕੇ ਵਿੱਚ ਰਹਿਣ ਵਾਲੇ ਪੀੜਤ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਹੀਰਾ ਸਿੰਘ, ਜੱਸੀ ਅਤੇ ਅਭਿਜੀਤ ਰਾਏ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਅਭਿਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੀਰਾ ਸਿੰਘ ਅਤੇ ਜੱਸੀ ਹਾਲੇ ਵੀ ਫਰਾਰ ਹਨ। ਪੁਲੀਸ ਉਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਨਾਬਾਲਗ ਦੇ ਪਿਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਉਸ ਦਾ ਪੁੱਤਰ ਸਿਰਫ਼ 16 ਸਾਲ ਦਾ ਹੈ ਅਤੇ ਕੁਝ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਹੀਰਾ ਸਿੰਘ, ਅਭੀ ਅਤੇ ਜੱਸੀ ਨਾਲ ਕੱਪੜੇ ਖਰੀਦਣ ਲਈ ਲੁਧਿਆਣਾ ਦੇ ਚੌੜਾ ਬਾਜ਼ਾਰ ਗਿਆ ਸੀ। ਰਾਤ ਹੋਣ ਕਰਕੇ ਉਨ੍ਹਾਂ ਨੇ ਬੱਸ ਸਟੈਂਡ ਦੇ ਨੇੜੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ। ਰਾਤ ਨੂੰ ਤਿੰਨਾਂ ਨੌਜਵਾਨਾਂ ਨੇ ਉਸ ਦੇ ਪੁੱਤਰ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਸ ਦੇ ਕੱਪੜੇ ਉਤਾਰ ਦਿੱਤੇ ਗਏ ਤੇ ਉਸ ਦੀ ਬੇਇੱਜ਼ਤੀ ਕੀਤੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਅਭਿਜੀਤ ਰਾਏ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਬਾਕੀ ਦੋ ਮੁਲਜ਼ਮ ਹਾਲੇ ਫਰਾਰ ਹਨ।