ਦੋਸਤ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ
ਇਥੇ ਪਿੰਡ ਅਮਰਗੜ੍ਹ ਦੇ ਇੱਕ ਨੌਜਵਾਨ ਨੂੰ ਧੋਖੇ ਨਾਲ ਘਰੋਂ ਬੁਲਾ ਕੇ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦੇਣ ਦੇ ਦੋਸ਼ ਹੇਠ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਬੂ ਕੀਤੇ ਮੁਲਜ਼ਮ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਮਰਾਲਾ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਾਜਵੰਤ ਕੌਰ ਵਾਸੀ ਪਿੰਡ ਅਮਰਗੜ੍ਹ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਦੇਰ ਰਾਤ ਉਸ ਦੇ ਪਤੀ ਬਿਕਰਮਜੀਤ ਸਿੰਘ ਉਰਫ ਵਿੱਕੀ ਦਾ ਪਿੰਡ ਨਾਨੋਵਾਲ ਕਲਾਂ ਦਾ ਵਾਸੀ ਦੋਸਤ ਜੁਝਾਰ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਪਤੀ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਮ੍ਰਿਤਕ ਦੀ ਪਤਨੀ ਅਨੁਸਾਰ ਕੁਝ ਦੇਰ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਬਿਕਰਮਜੀਤ ਸਿੰਘ ਨੂੰ ਉਸ ਦੇ ਹੀ ਦੋਸਤ ਜੁਝਾਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਹੈ ਤੇ ਉਹ ਇਸ ਇਸ ਵੇਲੇ ਪਿੰਡ ਟੋਡਰਪੁਰ ਥਾਣਾ ਸਮਰਾਲਾ ਵਿੱਚ ਬੇਸੁੱਧ ਹਾਲਤ ਵਿੱਚ ਪਿਆ ਹੈ। ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਬਿਕਰਮਜੀਤ ਸਿੰਘ ਨੂੰ ਬਚਾਉਣ ਵਾਸਤੇ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਵੀ ਲੈ ਕੇ ਗਏ ਪਰੰਤੂ ਡਾਕਟਰਾਂ ਨੇ ਉਸ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਕਤਲ ਦਾ ਕੇਸ ਦਰਜ ਕਰਦੇ ਹੋਏ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।