ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਔਰਤ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਦੀਵਾਕਰ ਮੱਟੂ ਵਾਸੀ ਗੁਲਮੋਹਰ ਸਿਟੀ ਐਕਸਟੈਨਸ਼ਨ ਡੇਰਾ ਬੱਸੀ ਨੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਵਾਸੀ ਪਤੀ-ਪਤਨੀ ਸਮੇਤ ਚਾਰ ਜਣਿਆਂ ਨੇ ਉਸ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 30 ਲੱਖ 20 ਹਜ਼ਾਰ ਰੁਪਏ ਹਾਸਲ ਕੀਤੇ ਪਰ ਨਾ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧ ਵਿੱਚ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਲੈਫਟੀ ਕ੍ਰਿਸ਼ਚਿਨ ਵਾਸੀ ਪਿੰਡ ਆਦਰਮਾਨ ਨਕੋਦਰ ਨੇ ਦੱਸਿਆ ਕਿ ਸ਼ਾਸਤਰੀ ਨਗਰ ਦੇ ਇੱਕ ਵਿਅਕਤੀ ਨੇ ਆਪਣੀ ਟੀਮ ਨਾਲ ਮਿਲ ਕੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਸ ਨੂੰ ਇੰਗਲੈਂਡ ਭੇਜਣ ਬਹਾਨੇ ਅਸਲ ਦਸਤਾਵੇਜ਼ ਅਤੇ 5000 ਰੁਪਏ ਲੈ ਕੇ ਉਸਨੂੰ ਜਾਅਲੀ ਲੈਟਰ ਦਿਖਾ ਕੇ ਉਸ ਕੋਲੋਂ 10 ਲੱਖ ਰੁਪਏ ਹੋਰ ਠੱਗ ਲਏ।