ਕੈਨੇਡਾ ਭੇਜਣ ਦੇ ਨਾਂ ’ਤੇ ਠੱਗੀ
ਨੇੜਲੇ ਪਿੰਡ ਝੋਰੜਾਂ ਦੇ ਗੁਰਜੀਤ ਸਿੰਘ ਖ਼ਿਲਾਫ਼ ਰਾਏਕੋਟ ਸਿਟੀ ਪੁਲੀਸ ਨੇ ਇਕ ਵਿਅਕਤੀ ਨਾਲ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪਿੰਡ ਮਠੰਡਾ ਖੁਰਦ ਤਹਿਸੀਲ ਫਿਲੌਰ ਦੇ ਰਹਿਣ ਵਾਲੇ ਗੁਰਮੁਖ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਗੁਰਮੁਖ ਸਿੰਘ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਹੈ। ਉਸ ਦੇ ਦੋਸਤ ਰਕੇਸ਼ ਕੁਮਾਰ ਦੀ ਏਜੰਟ ਗੁਰਜੀਤ ਸਿੰਘ ਨਾਲ ਜਾਣ ਪਛਾਣ ਸੀ। ਗੁਰਜੀਤ ਸਿੰਘ ਵਿਦੇਸ਼ ਭੇਜਣ ਦੀਆਂ ਫਾਈਲਾਂ ਤਿਆਰ ਕਰਦਾ ਹੈ। ਗੁਰਮੁਖ ਸਿੰਘ ਦੇ ਦੋਸਤ ਨੇ ਕਿਹਾ ਕਿ ਉਹ ਵਰਕ ਪਰਮਿਟ ਭੇਜ ਦੇਵੇਗਾ ਜਿਸ ਲਈ ਫਾਈਲ ਤਿਆਰ ਕਰਾਉਣ ਲਈ ਗੁਰਜੀਤ ਸਿੰਘ ਨੂੰ ਮਿਲ ਬਾਰੇ ਕਿਹਾ। ਗੁਰਮੁਖ ਸਿੰਘ ਦੇ ਦੋਸਤ ਨੇ ਇਸ ਏਜੰਟ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਵਿਦੇਸ਼ ਭੇਜਣ ਦੀਆਂ ਫਾਈਲਾਂ ਭਰਦਾ ਰਹਿੰਦਾ ਹੈ ਅਤੇ ਵਰਕ ਪਰਮਿਟ ਦੇ ਬਹੁਤ ਸਾਰੇ ਵੀਜ਼ੇ ਆ ਚੁੱਕੇ ਹਨ। ਇਸ ’ਤੇ ਇਹ ਗੁਰਜੀਤ ਸਿੰਘ ਦੀਆਂ ਗੱਲਾਂ 'ਚ ਆ ਗਏ ਅਤੇ ਉਸ ਨੂੰ 5 ਲੱਖ 34 ਹਜ਼ਾਰ ਰੁਪਏ ਦੇ ਦਿੱਤੇ। ਉਸ ਦੇ ਕਹਿਣ ਮੁਤਾਬਕ ਲੋੜੀਂਦੇ ਕਾਗਜ਼ਾਤ ਵੀ ਦੇ ਦਿੱਤੇ। ਇਸ ਮਗਰੋਂ ਜਦੋਂ ਗੁਰਜੀਤ ਸਿੰਘ ਦਾ ਸਰਟੀਫਿਕੇਟ ਲਾਇਸੰਸ ਆਦਿ ਬਾਰੇ ਪਤਾ ਕੀਤਾ ਤਾਂ ਉਸਦਾ ਸਰਟੀਫਿਕੇਟ ਜਾਅਲੀ ਮਿਲਿਆ। ਇਸ 'ਤੇ ਗੁਰਮੁਖ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਜਿਸ 'ਤੇ ਪੁਲੀਸ ਨੇ ਹੁਣ ਗੁਰਜੀਤ ਸਿੰਘ ਵਾਸੀ ਝੋਰੜਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 318 (4), 316 (2) ਤਹਿਤ ਮਾਮਲਾ ਦਰਜ ਕਰ ਲਿਆ ਹੈ।