ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
ਲੁਧਿਆਣਾ, 6 ਦਸੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਅੱਜ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਦੋ ਔਰਤਾਂ ਸਮੇਤ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਰਾਮ ਨਗਰ ਭਾਮੀਆਂ ਕਲਾਂ ਵਾਸੀ ਸਾਹਿਲ ਸ਼ਰਮਾ ਨੇ ਦੱਸਿਆ ਕਿ ਦੇਹਰਾਦੂਨ (ਉਤਰਾਖੰਡ) ਦੇ ਇੱਕ ਵਿਅਕਤੀ ਸਮੇਤ ਇੱਕ ਔਰਤ ਸਣੇ ਪੰਜ ਵਿਅਕਤੀਆਂ ਨੇ ਹਮ-ਮਸ਼ਵਰਾ ਹੋ ਕੇ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 10 ਲੱਖ ਰੁਪਏ ਹਾਸਲ ਕੀਤੇ ਸਨ ਪਰ ਮੁਲਜ਼ਮਾਂ ਨੇ ਨਾ ਉਸ ਨੂੰ ਆਸਟ੍ਰੇਲੀਆ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਬਲਵੀਰ ਸਿੰਘ ਵਾਸੀ ਕੈਂਥਲ (ਹਰਿਆਣਾ) ਨੇ ਦੱਸਿਆ ਕਿ ਕੈਥਲ ਦੇ ਇੱਕ ਵਿਅਕਤੀ ਨੇ ਜਲੰਧਰ ਅਤੇ ਪਟਿਆਲਾ ਦੀ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਬੇਟੀ ਮਨੀਸ਼ਾ ਨੂੰ ਕੈਨੇਡਾ ਦੇ ਵੀਜ਼ਾ ’ਤੇ ਜਾਣ ਸਬੰਧੀ ਲੱਗੀ ਰੀਬੋਕ ਨੂੰ ਅੰਬੈਸੀ ਵਿੱਚੋਂ ਅਪੀਲ ਕਰਵਾ ਕੇ ਕਲੀਅਰ ਕਰਵਾਉਣ ਦਾ ਝਾਂਸਾ ਦੇ ਕੇ 6 ਲੱਖ 70 ਹਜ਼ਾਰ ਰੁਪਏ ਹਾਸਲ ਕਰ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।