ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਇੰਦਰਜੀਤ ਸਿੰਘ ਵਾਸੀ ਨਿਊ ਅਮਰ ਨਗਰ ਦੀ ਸ਼ਿਕਾਇਤ ’ਤੇ
ਨਿਊ ਸ਼ਿਵਾਜੀ ਨਗਰ ਰਹਿੰਦੀ ਇੱਕ ਔਰਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਸ ਨੇ ਉਸ ਨੂੰ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ 1 ਲੱਖ 66 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਥਾਣਾ ਸਦਰ ਦੀ ਪੁਲੀਸ ਨੂੰ ਸਤਜੋਤ ਨਗਰ ਧਾਂਦਰਾ ਰੋਡ ਵਾਸੀ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਸੋਨੀਪਤ ਵਾਸੀ ਦੋ ਵਿਅਕਤੀਆਂ ਨੇ ਉਸ ਨੂੰ ਦੁੱਬਈ ਦਾ ਵੀਜ਼ਾ ਤੇ ਟਿਕਟਾਂ ਲੈ ਕੇ ਦੇਣ ਦੇ ਨਾਂ ’ਤੇ 7 ਲੱਖ 33 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਸਦਰ ਦੀ ਪੁਲੀਸ ਨੇ ਰੂਪਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ 38 ਮੁਹਾਲੀ ਰਹਿੰਦੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਸ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸ਼ਾ ਦੇ ਕੇ 19 ਲੱਖ 60 ਹਜ਼ਾਰ ਰੁਪਏ ਠੱਗੇ ਹਨ। ਇਸ ਵਿੱਚ ਮੁਲਜ਼ਮ ਨੇ 9 ਲੱਖ 60 ਹਜ਼ਾਰ ਰੁਪਏ ਵਾਪਸ ਕੀਤੇ ਪਰ ਬਾਕੀਰ ਕਮ ਵਾਪਸ ਨਹੀਂ ਕੀਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਦਸ਼ਮੇਸ ਨਗਰ ਵਾਸੀ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਨ੍ਹਾਂ ਉਸ ਨੂੰ ਵਿਦੇਸ਼ ਵਰਕ ਪਰਮਿਟ ਦੇ ਆਧਾਰ ’ਤੇ ਭੇਜਣ ਦਾ ਝਾਂਸਾ ਦੇ ਕੇ 7 ਲੱਖ 05 ਹਜ਼ਾਰ 560 ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੇ ਪ੍ਰੇਮ ਕਲੋਨੀ ਭਾਮੀਆ ਕਲਾਂ ਵਾਸੀ ਜੋਤੀ ਸ਼ਰਮਾ ਦੀ ਸ਼ਿਕਾਇਤ ’ਤੇ ਸਤਜੋਤ ਨਗਰ ਰਹਿੰਦੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਨੇ ਉਸ ਦੀ ਲੜਕੀ ਨੂੰ ਇੰਗਲੈਂਡ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦੇ ਕੇ 11 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।