ਸਮਾਰਟ ਸਿਟੀ ਵਿੱਚ ਦਸ ਦਿਨਾਂ ਦੌਰਾਨ ਚੌਥੀ ਥਾਂ ਸੜਕ ਧਸੀ
ਸਾਉਣ ਮਹੀਨੇ ਦੇ ਪੈ ਰਹੇ ਮੀਂਹ ਵੀ ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ਝੱਲ ਨਹੀਂ ਰਹੀਆਂ ਹਨ। ਪਿਛਲੇ 10 ਦਿਨਾਂ ਦੌਰਾਨ ਅੱਜ ਸਵੇਰੇ ਚੌਥੀ ਥਾਂ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਸੜਕ ਧਸ ਗਈ ਤੇ ਕਈ ਫੁੱਟ ਡੂੰਘਾ ਟੋਇਆ ਪੈ ਗਿਆ। ਆਸ-ਪਾਸ ਲੰਘਣ ਵਾਲੇ ਲੋਕਾਂ ਨੇ ਇਸ ਬਾਰੇ ਨਗਰ ਸੁਧਾਰ ਟਰੱਸਟ ਤੇ ਨਗਰ ਨਿਗਮ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਨਗਰ ਨਿਗਮ ਨੇ ਟਰਾਲੀ ਟੋਏ ਦੇ ਉਪਰ ਖੜ੍ਹੀ ਕਰਕੇ ਲੋਕਾਂ ਦਾ ਬਚਾਅ ਕੀਤਾ। ਦੁਪਹਿਰ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮ ਉੱਥੇ ਪੁੱਜੇ ਤਾਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ।
ਜੇ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੱਖੋਵਾਲ ਰੋਡ ’ਤੇ ਹੋਟਲ ਇੰਪੀਰੀਅਲ ਦੇ ਨੇੜੇ ਸੜਕ ਧਸ ਗਈ, ਜਿਸ ਤੋਂ ਬਾਅਦ ਫਿਰ ਮਾਡਲ ਟਾਊਨ ਇਲਾਕੇ ਵਿੱਚ ਸੜਕ ਧਸੀ, ਇੱਥੇ ਵੀ ਕਾਫ਼ੀ ਵੱਡਾ ਟੋਇਆ ਪੈ ਗਿਆ। ਦੋਵੇਂ ਪਾਸੇ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਨੇ ਹਾਲੇ ਸੜਕ ਦੀ ਮੁਰੰਮਤ ਕੀਤੀ ਹੀ ਸੀ ਕਿ ਤੀਜ਼ੀ ਥਾਂ ਫੁਹਾਰਾ ਚੌਕ ਵਿੱਚ ਸੜਕ ਵਿਚਾਕਰ ਵੱਡਾ ਟੋਇਆ ਪੈ ਗਿਆ। ਤਿੰਨੋਂ ਹੀ ਸੜਕਾਂ ਮੁੱਖ ਸੜਕਾਂ ਨੇ ਜਿੱਥੇ 24 ਘੰਟੇ ਆਵਾਜਾਈ ਚਲਦੀ ਹੈ। ਤਿੰਨ ਥਾਵਾਂ ’ਤੇ ਸੜਕ ਧਸਣ ਦੌਰਾਨ ਕਾਫ਼ੀ ਬਚਾਅ ਹੋਇਆ। ਅੱਜ ਸਵੇਰੇ ਹੁਣ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੜਕ ਧਸ ਗਈ, ਇਥੇ ਵੀ ਪਹਿਲਾਂ ਟੋਇਆ ਤਾਂ ਦੋ ਤਿੰਨ ਫੁੱਟ ਚੌੜਾ ਸੀ ਪਰ ਜਦੋਂ ਉਸ ਦੀ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਤਾਂ ਉਸਦੀ ਡੂੰਘਾਈ ਕਈ ਫੁੱਟ ਸੀ। ਫਿਰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਜੀਸੀਬੀ ਮਸ਼ੀਨ ਦੇ ਨਾਲ ਉੱਥੇ ਥੱਲੇ ਤੱਕ ਚੈੱਕ ਕੀਤਾ ਕਿ ਆਖ਼ਰ ਇਹ ਸੜਕ ਧਸਣ ਦਾ ਕਾਰਨ ਕੀ ਹੈ? ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਇਸ ਸੜਕ ਦੀ ਮੁਰੰਮਤ ਦਾ ਕੰਮ ਚਲਦਾ ਰਿਹਾ।
ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਧਸਣ ਦੀ ਸੂਚਨਾ ਤੋਂ ਬਾਅਦ ਸੜਕ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਉੱਥੇ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਾਕੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖ਼ਰ ਸੜਕ ਕਿਉਂ ਧਸੀ ਹੈ।