ਚਾਰ ਲੁਟੇਰੇ ਵਾਹਨਾਂ ਅਤੇ ਮੋਬਾਈਲ ਫੋਨਾਂ ਸਣੇ ਕਾਬੂ
ਪੁਲੀਸ ਨੇ ਚਾਰ ਲੁਟੇਰਿਆਂ ਨੂੰ ਲੁੱਟੇ ਹੋਏ ਵਾਹਨਾਂ ਅਤੇ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਜੀ ਟੀ ਰੋਡ ਨੇੜੇ ਕਾਦੀਆਂ ਕੱਟ ਤੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਮੋਬਾਈਲ ਫੋਨ ਅਤੇ ਵਾਹਨ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪੁਲੀਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖ਼ਾਸ ਦੀ ਇਤਲਾਹ ਦੌਰਾਨ ਪਤਾ ਲੱਗਾ ਕਿ ਕੇਤਨ ਕੁਮਾਰ ਉਰਫ਼ ਕੇਤੂ ਵਾਸੀ ਅਮਨ ਨਗਰ, ਰਘੂਵੀਰ ਕੁਮਾਰ ਵਾਸੀ ਪੀਰੂ ਮੁਹੱਲਾ ਸਲੇਮ ਟਾਬਰੀ ਅਤੇ ਕਾਮਦੇਵ ਵਾਸੀ ਸਲੇਮ ਟਾਬਰੀ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ। ਪੁਲੀਸ ਪਾਰਟੀ ਨੇ ਇਨ੍ਹਾਂ ਨੂੰ ਦੌਰਾਨੇ ਚੈਕਿੰਗ ਚੋਰੀ ਦੇ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ’ਤੇ ਆਉਂਦਿਆਂ ਕਾਬੂ ਕਰਕੇ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਪਾਸੋਂ ਉੱਕਤ ਸਮੇਤ ਕੁੱਲ 2 ਮੋਟਰਸਾਈਕਲ, ਇੱਕ ਦਾਤਰ ਅਤੇ 9 ਮੋਬਾਈਲ ਫੋਨ ਵੱਖ-ਵੱਖ ਮਾਰਕਾ ਬਰਾਮਦ ਹੋਏ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਛੋਟੀ ਜਵੱਦੀ ਵਾਸੀ ਨਰੇਸ਼ ਆਪਣੇ ਹੌਂਡਾ ਐਕਟਿਵਾ ਸਕੂਟਰ ’ਤੇ ਸ਼ੀਰਾ ਮਾਰਕੀਟ ਦਸਮੇਸ਼ ਨਗਰ ਗਿਆ ਸੀ ਅਤੇ ਉਸ ਨੇ ਆਪਣਾ ਸਕੂਟਰ ਉਥੇ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਕਰੇ ਲੈ ਗਿਆ। ਉਸ ਨੇ ਆਪਣੇ ਤੌਰ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪਰਵਿੰਦਰ ਸਿੰਘ ਨੇ ਉੱਕਤ ਸਕੂਟਰ ਚੋਰੀ ਕੀਤਾ ਹੈ। ਥਾਣੇਦਾਰ ਹਰਭਜਨ ਸਿੰਘ ਨੇ ਦੌਰਾਨੇ ਤਫ਼ਤੀਸ਼ ਉਸ ਨੂੰ ਗ੍ਰਿਫ਼ਤਾਰ ਕਰਕੇ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
