ਕੁੱਟਮਾਰ ਤੇ ਹਵਾਈ ਫਾਇਰ ਕਰਨ ਦੇ ਮਾਮਲੇ ’ਚ ਚਾਰ ਨਾਮਜ਼ਦ
ਟਰਾਲੀ ਡਰਾਈਵਰ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਅਤੇ ਹਵਾਈ ਫਾਇਰ ਮਾਮਲੇ ਵਿੱਚ ਕਾਨੂੰਗੋ ਕੋਮਲਪ੍ਰੀਤ ਸਿੰਘ, ਦੋ ਅਧਿਆਪਕਾਂ ਅਤੇ ਇੱਕ ਹੋਰ ਨੌਜਵਾਨ ਖ਼ਿਲਾਫ਼ ਸੁਧਾਰ ਪੁਲੀਸ ਨੇ ਮੁਕੱਦਮਾ ਦਰਜ ਕੀਤਾ ਹੈ। ਸੁਧਾਰ ਪੁਲੀਸ ਨੇ ਕੋਮਲਪ੍ਰੀਤ ਸਿੰਘ, ਅਧਿਆਪਕ ਦਵਿੰਦਰ ਸਿੰਘ ਅਤੇ ਹਰਦੀਪ ਸਿੰਘ ਸਮੇਤ ਉਨ੍ਹਾਂ ਦੇ ਇੱਕ ਹੋਰ ਸਾਥੀ ਹਰਮਨ ਸਿੰਘ ਸਾਰੇ ਵਾਸੀ ਬੋਪਾਰਾਏ ਕਲਾਂ ਵਿਰੁੱਧ ਵੱਖ-ਵੱਖ ਅਪਰਾਧਕ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸਾਰੇ ਮੁਲਜ਼ਮ ਹਾਲੇ ਤੱਕ ਫ਼ਰਾਰ ਹਨ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਸਮਝੌਤੇ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੇਰ ਰਾਤ ਲੁਧਿਆਣਾ-ਬਠਿੰਡਾ ਰਾਜ ਮਾਰਗ ਤੋਂ ਬੋਪਾਰਾਏ ਕਲਾਂ ਸੰਪਰਕ ਸੜਕ ਉਪਰ ਥਾਰ ਗੱਡੀ ’ਤੇ ਸਵਾਰ ਉਕਤ ਮੁਲਜ਼ਮਾਂ ਨੇ ਕਥਿਤ ਨਸ਼ੇ ਦੀ ਹਾਲਤ ਵਿੱਚ ਤੂੜੀ ਨਾਲ ਭਰੀ ਟਰਾਲੀ ਅਤੇ ਟਰੈਕਟਰ ਨੂੰ ਟੱਕਰ ਮਾਰਨ ਮਗਰੋਂ ਡਰਾਈਵਰ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਅਤੇ ਹਵਾ ਵਿੱਚ ਕਈ ਗੋਲੀਆਂ ਵੀ ਚਲਾਈਆਂ। ਬੋਪਾਰਾਏ ਕਲਾਂ ਵਾਸੀ ਨੇਕੂ ਨੇ ਪੁਲੀਸ ਨੂੰ ਦੱਸਿਆ ਕਿ ਉਹ ਸੰਪਰਕ ਸੜਕ ’ਤੇ ਤੂੜੀ ਨਾਲ ਭਰੀ ਟਰਾਲੀ ਨੂੰ ਟਰੱਕ ਵਿੱਚ ਲੱਦ ਰਿਹਾ ਸੀ। ਲਗਪਗ 11:15 ਵਜੇ ਤੇਜ਼ ਰਫ਼ਤਾਰ ਥਾਰ ਵਿੱਚ ਆਏ ਉਕਤ ਵਿਅਕਤੀਆਂ ਦੀ ਥਾਰ ਇਸ਼ਾਰਾ ਕਰ ਕੇ ਰੋਕਣ ਦੇ ਬਾਵਜੂਦ ਟੱਕਰ ਮਾਰ ਦਿੱਤੀ। ਆਪਣੀ ਗ਼ਲਤੀ ਮੰਨਣ ਦੀ ਥਾਂ ਡਰਾਈਵਰ ਅਤੇ ਸਾਥੀ ਦੀ ਕੁੱਟਮਾਰ ਵੀ ਕੀਤੀ। ਉਨ੍ਹਾਂ ਫ਼ੋਨ ਕਰ ਕੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ ਅਤੇ ਹਵਾ ਵਿੱਚ ਕਈ ਗੋਲੀਆਂ ਵੀ ਚਲਾਈਆਂ।
