ਹਾਦਸਿਆਂ ਵਿੱਚ ਚਾਰ ਹਲਾਕ; ਦੋ ਜ਼ਖ਼ਮੀ
ਭਗਵਾਨ ਦਾਸ ਕਲੋਨੀ ਵਾਸੀ ਦਵਿੰਦਰ ਸੌਂਧੀ ਮੋਟਰਸਾਈਕਲ ’ਤੇ ਆਪਣੀ ਪਤਨੀ ਨਾਲ ਰਾਹੋਂ ਰੋਡ ਵੱਲ ਜਾ ਰਿਹਾ ਸੀ ਕਿ ਪਿੰਡ ਬਾਜੜਾ ਕੱਟ ਸਾਹਮਣੇ ਵਾਲੀਆ ਪੈਲੇਸ ਕੋਲ ਟਿੱਪਰ ਡਰਾਈਵਰ ਰਾਧੇ ਸ਼ਾਮ ਵਾਸੀ ਪਿੰਡ ਧੱਕਤਨਾ ਨੇ ਆਪਣਾ ਟਿੱਪਰ ਪਿਛਲੇ ਪਾਸਿਓਂ ਲਿਆ ਕੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਉਸਦੀ ਪਤਨੀ ਟਿੱਪਰ ਵਾਲੀ ਸਾਈਡ ਡਿੱਗ ਪਈ ਤੇ ਟਿੱਪਰ ਦਾ ਟਾਇਰ ਉਸ ਦੇ ਲੱਕ ਉੱਪਰੋਂ ਲੰਘ ਗਿਆ। ਜ਼ਖ਼ਮੀ ਹਾਲਤ ਵਿੱਚ ਉਸਨੂੰ ਸੀਐੱਮਸੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣੇਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੇਹਰਬਾਨ ਦੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸੈਕਟਰ 80 ਮੋਹਾਲੀ ਵਾਸੀ ਆਦਿੱਤਿਆ ਦਸੌੜ ਦੀ ਚਚੇਰੀ ਭੈਣ ਵਿਧੀ ਵਰਮਾ ਸਮੇਤ ਜੈਸਮੀਨ ਕੌਰ ਆਪਣੀ ਗੱਡੀ ਵਿੱਚ ਪੱਖੋਵਾਲ ਨਹਿਰ ਪੁੱਲ ਤੋਂ ਫੁੱਲਾਂਵਾਲ ਸਾਈਡ ਜਾ ਰਹੀਆਂ ਸੀ ਤਾਂ ਫੇਜ਼- 2 ਸ਼ਹੀਦ ਕਰਨੈਲ ਸਿੰਘ ਨਗਰ ਵਾਲੇ ਕੱਟ ਪਾਸ ਇੱਕ ਕਾਰ ਚਾਲਕ ਨੇ ਆਪਣੀ ਕਾਰ ਲਾਪਰਵਾਹੀ ਨਾਲ ਚਲਾ ਕੇ ਉਨ੍ਹਾਂ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਜਿਸ ਨਾਲ ਗੱਡੀ ਕੰਧ ਵਿੱਚ ਵੱਜੀ ਤੇ ਉਨ੍ਹਾਂ ਦੋਹਾਂ ਦੇ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਦੀਪ ਹਸਪਤਾਲ ਮਾਡਲ ਟਾਊਨ ਦਾਖ਼ਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਵਿਧੀ ਵਰਮਾ ਦੀ ਮੌਤ ਹੋ ਗਈ ਜਦਕਿ ਜੈਸਮੀਨ ਕੌਰ ਜ਼ੇਰੇ ਇਲਾਜ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਦੁੱਗਰੀ ਦੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਪਿੰਡ ਗਿੱਲ ਵਾਸੀ ਹਰਪਿੰਦਰ ਸਿੰਘ ਆਪਣੇ ਦੋਸਤ ਪ੍ਰਿਤਪਾਲ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਨਾਲ ਉਸਦੀ ਕਾਰ ਵਿੱਚ ਪਿੰਡ ਗਿੱਲ ਤੋਂ ਪਿੰਡ ਰਾਮਗੜ੍ਹ ਸਰਦਾਰਾਂ ਵੱਲ ਜਾ ਰਿਹਾ ਸੀ ਕਿ ਲਹਿਰਾ ਟੌਲ ਪਲਾਜ਼ਾ ਨੇੜੇ ਮਨਦੀਪ ਸਿੰਘ ਵਾਸੀ ਪਿੰਡ ਖੋਸਾ ਲੋਹੀਆਂ ਨੇ ਆਪਣਾ ਟਰਾਲਾ 18 ਟਾਇਰੀ ਇੱਕਦਮ ਸੜਕ ਦੇ ਵਿਚਕਾਰ ਰੋਕ ਦਿੱਤਾ ਜਿਸ ਕਾਰਨ ਕਾਰ ਸਿੱਧੀ ਟਰਾਲੇ ਦੇ ਪਿੱਛੇ ਵੱਜੀ ਅਤੇ ਪ੍ਰਿਤਪਾਲ ਸਿੰਘ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਪਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਪ੍ਰੋਲਾਈਫ ਹਸਪਤਾਲ ਗਿੱਲ ਵਿੱਚ ਦਾਖ਼ਲ ਕਰਾਇਆ ਗਿਆ। ਥਾਣੇਦਾਰ ਪਰਦੀਪ ਸਿੰਘ ਅਨੁਸਾਰ ਥਾਣਾ ਡੇਹਲੋਂ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
