ਖਾਲਸਾ ਚੌਕ ਦੇ ਨਵੀਨੀਕਰਨ ਦਾ ਨੀਂਹ ਪੱਥਰ
ਸਥਾਨਕ ਖਾਲਸਾ ਚੌਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਇਲਾਕੇ ਦੇ ਸੰਤਾਂ, ਮਹਾਂਪੁਰਸ਼ਾਂ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਰੱਖਿਆ ਗਿਆ। ਨਗਰ ਕੌਂਸਲ ਵੱਲੋਂ ਖਾਲਸਾ ਚੌਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਅੱਜ ਵਿਸ਼ੇਸ਼ ਤੌਰ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸਰਵਣ ਸਿੰਘ, ਗਨੀ ਖਾਂ ਨਬੀ ਖਾਂ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬਾ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਪ੍ਰਬੰਧਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਰਦਾਸ ਕੀਤੀ ਗਈ ਅਤੇ ਜਥੇਦਾਰ ਸਰਵਣ ਸਿੰਘ ਨੇ ਖਾਲਸਾ ਚੌਂਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਇਹ ਧਾਰਮਿਕ ਕਾਰਜ ਸੰਤਾਂ, ਮਹਾਂਪੁਰਸ਼ਾਂ ਤੋਂ ਸ਼ੁਰੂ ਕਰਵਾਇਆ ਗਿਆ ਅਤੇ ਪਹਿਲੇ ਪੜਾਅ ਵਿਚ ਖਾਲਸਾ ਚੌਂਕ ਦੇ ਨਵੀਨੀਕਰਨ ਲਈ 12 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਖਾਲਸਾ ਚੌਕ ਨੂੰ ਆਕਰਸ਼ਣ ਦਾ ਕੇਂਦਰ ਬਣਾਇਆ ਜਾਵੇਗਾ ਜਿੱਥੇ ਕਿ ਉੱਚਾ ਖੰਡਾ ਸਾਹਿਬ ਵੀ ਲਗਾਇਆ ਜਾਵੇਗਾ। ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਇਹ ਚੌਕ ਪੁਰਾਣੀ ਸਰਹੱਦੀ ਇੱਟਾਂ ਨਾਲ ਬਣਾਇਆ ਜਾਵੇਗਾ ਜਿਸ ਵਿਚ ਸਜਾਵਟ ਲਈ ਛੋਟੇ-ਛੋਟੇ ਪੌਦੇ, ਫੁਹਾਰੇ ਅਤੇ ਸੁੰਦਰ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਖਾਲਸਾ ਚੌਕ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਵਿੱਚ ਸਥਿਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਆਕਰਸ਼ਣ ਦਾ ਕੇਂਦਰ ਬਣੇਗਾ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਚਰਨ ਕੰਵਲ ਚੌਕ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਤੱਕ ਖਸਤਾ ਹਾਲਤ ਸੜਕ ਲਈ 90 ਲੱਖ ਰੁਪਏ ਦਾ ਤਖਮੀਨਾ ਤਿਆਰ ਹੋ ਚੁੱਕਾ ਹੈ, ਜਿਸਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਮੱਕੜ, ਅਮਨਦੀਪ ਸਿੰਘ ਤਨੇਜਾ, ਨੀਰਜ ਕੁਮਾਰ, ਕਿਸ਼ੋਰ ਕੁਮਾਰ (ਸਾਰੇ ਕੌਂਸਲਰ), ਬਾਬਾ ਮੋਹਣ ਸਿੰਘ, ਰਣਜੀਤ ਸਿੰਘ ਜੀਤੀ, ਜਸਵੀਰ ਸਿੰਘ ਭੱਟੀਆਂ, ਢਾਡੀ ਨਿਰੰਜਨ ਸਿੰਘ ਨੂਰ, ਗੁਰਨਾਮ ਖਾਲਸਾ, ਜਸਵੀਰ ਗਿੱਲ ਵੀ ਮੌਜੂਦ ਸਨ।