ਪਰਿੰਗ ਡੇਲ ਸਕੂਲ ਵਿੱਚ ਸਥਾਪਨਾ ਦਿਵਸ ਮਨਾਇਆ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ 44ਵਾਂ ਸਥਾਪਨਾ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਅਤੇ ਪ੍ਰਧਾਨ ਸੁਖਦੇਵ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦਾ ਸਕੂਲ ਬੈਂਡ ਨਾਲ ਸਵਾਗਤ ਕੀਤਾ ਗਿਆ। ਸਮਾਗਮ ਵਿੱਚ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ, ਪ੍ਰਸਿੱਧ ਵਿਦਵਾਨ ਰਿਤੂ ਗੋਗਨਾ, ਭੁਪਿੰਦਰ ਕੌਰ, ਸ਼੍ਰੀਮਤੀ ਸੁਖਪਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਮਗਰੋਂ ਸ਼ਿਵ ਅਰਾਧਨਾ ਤੇ ਸਕੂਲ ਸੌਂਗ ਗਾਏ ਗਏ। ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ‘ਕਲਰਸ ਆਫ ਇੰਡੀਆ’ ਕੋਰੀਓਗ੍ਰਾਫੀ ਨੇ ਸਾਰਿਆਂ ਵਿੱਚ ਜੋਸ਼ ਭਰ ਦਿੱਤਾ। ਇਸ ਦੌਰਾਨ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਹਾਜ਼ਰੀਨ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਕਰਵਾਏ ਰੰਗਾਰੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਪੌਦੇ, ਪੈੱਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਜੀਵਨ ਵਿੱਚ ਹਰ ਮੈਦਾਨ ਫਤਹਿ ਕਰਨ ਲਈ ਪ੍ਰੇਰਿਆ। ਡਿਪਟੀ ਡਾਇਰੈਕਟਰ ਸੋਨੀਆ ਵਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।