ਜੰਗਲਾਤ ਵਰਕਰਾਂ ਵੱਲੋਂ ਤਰਨ ਤਾਰਨ ਰੈਲੀ ਲਈ ਲਾਮਬੰਦੀ
ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਦੋ ਨਵੰਬਰ ਨੂੰ ਤਰਨ ਤਾਰਨ ਵਿੱਚ ਕੀਤੀ ਜਾਣ ਵਾਲੀ ਸੂਬਾਈ ਰੈਲੀ ਸਬੰਧੀ ਕੀਤੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਵਰਕਰਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ, ਕੁਲਦੀਪ ਲਾਲ, ਚੇਅਰਮੈਨ ਦਰਸ਼ਨ ਲਾਲ, ਜਸਪਾਲ ਸਿੰਘ, ਗੁੁਰਮੀਤ ਲਾਲ ਆਦਿ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ 20-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਅਨਪੜ੍ਹ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇਸ ਮੌਕੇ ਸਿਮਰਨਜੀਤ ਸਿੰਘ, ਹਰਜੀਤ ਸਿੰਘ, ਜਗਵੀਰ ਸਿੰਘ, ਦਵਿੰਦਰ ਸਿੰਘ, ਦਵਿੰਦਰ ਸਿੰਘ ,ਬਲਕਾਰ ਰਾਮ, ਹਰਦੇਵ ਸਿੰਘ, ਹਰਦੀਪ ਸਿੰਘ, ਰਜਿੰਦਰ ਸਿੰਘ, ਓਮ ਪ੍ਰਕਾਸ਼ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਵਰਕਰਾਂ ਨੂੰ ਪੂਰੇ ਭੱਤਿਆਂ ਸਣੇ ਤਨਖਾਹ ਦਿੱਤੀ ਜਾਵੇ, ਜਦ ਕਿ ਰੈਗੂਲਰ ਹੋਏ ਵਰਕਰਾਂ ਨੂੰ ਸਿਰਫ 15000 ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾ ਨੇ ਕੱਚੇ ਵਰਕਰਾਂ ਨੂੰ ਈ ਪੀ ਐੱਫ ਦੇ ਘੇਰੇ ਵਿੱਚ ਲਿਆਉਣ, ਐੱਸ ਐੱਸ ਆਈ ਦੀ ਸਹੂਲਤ ਦੇਣ, ਡਿਊਟੀ ਦੌਰਾਨ ਵਰਕਰ ਦੀ ਮੌਤ ਹੋ ਜਾਣ ’ਤੇ ਉਸ ਦੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ, ਗੈਪ ਵਾਲੇ ਵਰਕਰਾਂ ਦੇ ਰਿਕਾਰਡ ਵਿੱਚੋ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਤਰਨਤਾਰਨ ਵਿਖੇ ਹੋਣ ਵਾਲੀ ਸੁਬਾਈ ਰੈਲੀ ਵਿਚ ਜ਼ਿਲ੍ਹਾ ਲੁਧਿਆਣਾ ਤੋਂ ਜੰਗਲਾਤ ਵਰਕਰ ਕਾਫ਼ਲਿਆਂ ਦੇ ਰੂਪ ਵਿੱਚ ਰੈਲੀ ਵਿਚ ਸ਼ਮੂਲੀਅਤ ਕਰਨਗੇ।
