ਜੰਗਲਾਤ ਵਿਭਾਗ ਨੇ ਆਰ ਟੀ ਆਈ ਤਹਿਤ ਮੰਗੀ ਜਾਣਕਾਰੀ ਨਹੀਂ ਦਿੱਤੀ: ਨੰਬਰਦਾਰ
ਵਣ ਵਿਭਾਗ ਦੋਰਾਹਾ ਦੇ ਕਰਮਚਾਰੀਆਂ ਵੱਲੋਂ ਆਰ. ਟੀ.ਆਈ ਐਕਟ ਤਹਿਤ ਮੰਗੀ ਗਈ ਜਾਣਕਾਰੀ ਸਮੇਂ ਸਿਰ ਨਾ ਦੇਣ ’ਤੇ ਹੁਣ ਮਾਮਲਾ ਉੱਚ ਅਧਿਕਾਰੀਆਂ ਕੋਲ ਪੁੱਜਣ ਤੋਂ ਬਾਅਦ ਵਿਭਾਗ ਨੇ ਵਣ ਪਾਲ ਸਾਊਥ ਸਰਕਲ ਪਟਿਆਲਾ ਨੂੰ ਪੱਤਰ ਜਾਰੀ ਕਰਦੇ ਹੋਏ ਅਪੀਲ ਦਾ ਨਿਪਟਾਰਾ ਸਮਾਂ ਬੱਧ ਤਰੀਕੇ ਨਾਲ ਕਰਨ ਲਈ ਪੱਤਰ ਭੇਜਿਆ ਹੈ। ਵਿਭਾਗ ਨੇ ਅਪੀਲਕਰਤਾ ਨੂੰ ਵੀ ਵਣ ਪਾਲ ਸਾਊਥ ਸਰਕਲ ਪਟਿਆਲਾ ਨਾਲ ਅਪੀਲ ਸਬੰਧੀ ਤਾਲਮੇਲ ਕਰਨ ਲਈ ਬਕਾਇਦਾ ਪੱਤਰ ਭੇਜਿਆ ਗਿਆ ਹੈ।
ਨੇੜਲੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਵਣ ਮੰਡਲ ਲੁਧਿਆਣਾ ਕੋਲੋਂ 31 ਜੁਲਾਈ 2025 ਨੂੰ ਲਿਖਤੀ ਦੁਰਖਾਸਤ ਰਾਹੀਂ ਵਣ ਰੇਂਜ ਦੋਰਾਹਾ ਦੇ ਅਧੀਨ ਆਉਂਦੀਆਂ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ੍ਹ, ਡਰੇਨਾਂ, ਮਾਈਨਰ ਨਾਲ ਲੱਗਦੀ ਸਰਕਾਰੀ ਜ਼ਮੀਨ ਵਿੱਚ ਜੋ ਦਰੱਖਤ ਲਗਾਏ ਹਨ ਉਹਨਾਂ ਦਰੱਖਤਾਂ ਦੀ ਸਾਂਭ-ਸੰਭਾਲ ਉੱਪਰ ਜੋ ਕੀਟਨਾਸ਼ਕ ਦਵਾਈਆਂ ਅਤੇ ਲੇਬਰ ਦਾ ਖਰਚਾ ਹੋਇਆ ਹੈ ਉਸ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ। ਪਹਿਲੀ ਅਪਰੈਲ 2023 ਤੋਂ ਮਿਤੀ 30 ਜੂਨ 2025 ਤੱਕ ਹੋਏ ਅੱਗ ਨਾਲ ਹੋਏ ਅਤੇ ਚਰਵਾਹਿਆਂ ਵੱਲੋਂ ਕੀਤੇ ਗਏ ਨੁਕਸਾਨ ਬਾਰੇ ਵਿਭਾਗ ਵੱਲੋਂ ਕੀਤੀ ਜੁਰਮਾਨਿਆਂ ਦੀ ਵਸੂਲੀ, ਰਕਮ ਦੀ ਜਾਣਕਾਰੀ ਸਮੇਤ ਜਾਣਕਾਰੀ ਮੰਗੀ ਸੀ।
ਉਹਨਾਂ ਕਿਹਾ ਕਿ ਵਣ ਰੇਂਜ ਦੋਰਾਹਾ ਦੇ ਅਧੀਨ ਨੈਸ਼ਨਲ ਹਾਈਵੇਅ 44 ਦੇ ਦੋਵੇਂ ਪਾਸੇ ਬਣੇ ਹੋਟਲਾਂ, ਢਾਬਿਆਂ, ਫਿਟਨੈਂਸ ਸੈਂਟਰ, ਪੈਟਰੋਲ ਪੰਪ, ਮੈਰਿਜ ਪੈਲਸਾਂ, ਮਾਲ, ਦੁਕਾਨਾਂ ਤੇ ਫੈਕਟਰੀਆਂ ਨੂੰ ਪਾਰਕਾਂ ਵਗ਼ੈਰਾ ਬਣਾਉਣ ਦੀ ਜੋ ਪ੍ਰਵਾਨਗੀ ਦਿੱਤੀ ਗਈ ਹੈ ਉਸ ਬਾਬਤ ਵਸੂਲੀ ਫ਼ੀਸ ਦੀਆਂ ਰਸੀਦਾਂ ਸਮੇਂਤ ਰਕਮ ਦੀ ਜਾਣਕਾਰੀ ਮੰਗੀ ਸੀ।
ਉਹਨਾਂ ਕਿਹਾ ਕਿ ਵਣ ਮੰਡਲ ਲੁਧਿਆਣਾ ਵੱਲੋਂ ਵਣ ਰੇਂਜ ਦੋਰਾਹਾ ਨੂੰ ਜਾਣਕਾਰੀ ਜਲਦ ਤੋਂ ਜਲਦ ਦੇਣ ਦੇ ਹੁਕਮ ਕੀਤੇ ਸਨ ਪਰ ਵਣ ਰੇਂਜ ਦੋਰਾਹਾ ਦੇ ਕਰਮਚਾਰੀਆਂ ਨੇ ਆਪਣੇ ਕਾਰਜਕਾਲ ਦੀ ਜਾਣਕਾਰੀ ਦੇਣ ਤੋਂ ਟਾਲ-ਮਟੋਲ ਕਰਦੇ ਕਰਦੇ ਆਪਣੀਆਂ ਬਦਲੀਆਂ ਕਰਵਾ ਲਈਆਂ, ਜਿਸ ਕਰਕੇ ਵਿਭਾਗ ਵੱਲੋਂ ਅੱਜ ਤੱਕ ਸੂਚਨਾ ਨਹੀਂ ਦਿੱਤੀ ਗਈ।
ਬੈਨੀਪਾਲ ਨੇ ਦੱਸਿਆ ਕਿ ਨਵ-ਨਿਯੁਕਤ ਅਧਿਕਾਰੀ ਤੇ ਕਰਮਚਾਰੀ ਸੂਚਨਾ ਦੇਣ ਬਾਰੇ ਕਹਿੰਦੇ ਹਨ ਕਿ ਇਹ ਜਾਣਕਾਰੀ ਪਹਿਲੇ ਤਾਇਨਾਤ ਅਧਿਕਾਰੀ ਹੀ ਦੇ ਸਕਦੇ ਹਨ। ਬੈਨੀਪਾਲ ਨੇ ਦੋੋਸ਼ ਲਾਇਆ ਕਿ ਵਣ ਰੇਂਜ ਦੋਰਾਹਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪਹਿਲੇ ਕੀਤੇ ਕੰਮ ਸ਼ੱਕੀ ਜਾਪਦੇ ਹਨ ਜਿਨ੍ਹਾਂ ਦੀ ਪੜਤਾਲ ਵਿਭਾਗ ਨੂੰ ਵੱਡੇ ਪੱਧਰ ’ਤੇ ਹੋਣੀ ਚਾਹੀਦੀ ਹੈ।