ਫੁਟਬਾਲ: ਦਿੱਲੀ ਕਲੱਬ ਨੇ ਬੰਗਾ ਨੂੰ ਹਰਾਇਆ
ਪਿੰਡ ਸਰਾਭਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 110ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੌਮਾਂਤਰੀ ਪ੍ਰਸਿੱਧੀ ਵਾਲੇ 78ਵੇਂ ਖੇਡ ਮੇਲੇ ਦੇ ਦੂਜੇ ਦਿਨ ਫੁਟਬਾਲ ਗੋਲਡ ਕੱਪ ਮੁਕਾਬਲਿਆਂ ਵਿੱਚ ਦਿੱਲੀ ਫੁਟਬਾਲ ਕਲੱਬ ਨੇ ਬੰਗਾ ਕਲੱਬ ਨੂੰ 2-0 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ, ਜਦਕਿ ਮੇਜ਼ਬਾਨ ਸਰਾਭਾ ਫੁਟਬਾਲ ਕਲੱਬ ਨੇ ਫਗਵਾੜਾ ਫੁਟਬਾਲ ਕਲੱਬ ਨੂੰ ਸਖ਼ਤ ਮੁਕਾਬਲੇ ਦੌਰਾਨ ਪੈਨਲਟੀ ਕਿੱਕ ਨਾਲ ਗੋਲ ਕਰ ਕੇ ਹਰਾਇਆ।
ਹਾਕੀ ਦੇ ਗੋਲਡ ਕੱਪ ਲਈ ਹਾਰਵੈਸਟ ਅਕਾਦਮੀ ਜੱਸੋਵਾਲ ਨੇ ਆਜ਼ਾਦ ਕਲੱਬ ਹਠੂਰ ਨੂੰ 1-0 ਨਾਲ ਹਰਾ ਕੇ ਅਗਲੇ ਗੇੜ ’ਚ ਕਦਮ ਰੱਖਿਆ। ਚੇਅਰਮੈਨ ਰਾਜਵੀਰ ਸਿੰਘ ਗਰੇਵਾਲ, ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ, ਮੀਤ ਪ੍ਰਧਾਨ ਦਵਿੰਦਰ ਸਿੰਘ ਖੇਡ ਕਲੱਬ ਦੇ ਮੈਂਬਰ ਅਜੀਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਵਾਸਤੇ ਹਰ ਸਾਲ ਖੇਡ ਮੇਲਾ ਕਰਾਉਣ ਤੋਂ ਇਲਾਵਾ ਸਾਰਾ ਸਾਲ ਖੇਡ ਮੈਦਾਨ ਨੂੰ ਸਰਗਰਮ ਰੱਖਣ ਲਈ ਯਤਨਸ਼ੀਲ ਹੈ। ਖੇਡ ਕਲੱਬ ਦੇ ਮੈਂਬਰ ਅਵਤਾਰ ਸਿੰਘ, ਅਮਰ ਸਿੰਘ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਕਰਮਜੀਤ ਸਿੰਘ ਅਤੇ ਨਿਰਭੈ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।
