ਖੇਤੀਬਾੜੀ ’ਵਰਸਿਟੀ ਵਿੱਚ ਗੁਲਦਾਊਦੀ ਸ਼ੋਅ ਦਾ ਆਗਾਜ਼
ਪੀ ਏ ਯੂ ਵਿੱਚ ਭਾਈ ਵੀਰ ਸਿੰਘ ਨੂੰ ਸਮਰਪਿਤ ਦੋ ਦਿਨਾ ਗੁਲਦਾਊਦੀ ਸ਼ੋਅ ਅੱਜ ਤੋਂ ਸ਼ੁਰੂ ਹੋ ਗਿਆ। ਸ਼ੋਅ ਵਿੱਚ ਰੱਖੇ ਰੰਗ ਬਿਰੰਗੇ ਫੁੱਲਾਂ ਨੇ ਲੋਕਾਂ ਦੇ ਚਿਹਰਿਆਂ ’ਤੇ ਵੀ ਰੌਣਕਾਂ ਲਿਆ ਦਿੱਤੀਆਂ। ਇਸ ਮੇਲੇ ਦਾ ਉਦਘਾਟਨ ’ਵਰਸਿਟੀ ਦੇ ਵੀ ਸੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ ਜਦਕਿ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਜੇ ਐੱਸ ਬਰਾੜ, ਡਾ. ਏ ਪੀ ਐੱਸ ਗਿੱਲ ਵੀ ਪਹੁੰਚੇ ਹੋਏ ਸਨ। ’ਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗਨਾਈਜੇਸ਼ਨ ਦੇ ਸਹਿਯੋਗ ਨਾਲ ਲਾਏ ਗਏ ਇਸ ਗੁਲਦਾਊਦੀ ਸ਼ੋਅ ਦਾ ਉਦਘਾਟਨ ਕਰਦਿਆਂ ਵੀ ਸੀ ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਸੁਨੇਹਾ ਵੀ ਪ੍ਰਸਾਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਨਿੱਜੀ ਤੌਰ ’ਤੇ ਆਪਣੇ ਘਰਾਂ ਅਤੇ ਦਫ਼ਤਰਾਂ ਦੁਆਲੇ ਫੁੱਲ ਬੀਜਣ ਵਾਲੇ ਪ੍ਰੇਮੀਆਂ ਦੇ ਨਾਲ-ਨਾਲ ਫੁੱਲਾਂ ਦੀ ਵਪਾਰਕ ਖੇਤੀ ਨੂੰ ਵੀ ਬਰਾਬਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਲਾਏ ਇਸ ਗੁਲਦਾਊਦੀ ਸ਼ੋਅ ਵਿੱਚ 90 ਕਿਸਮਾਂ ਦੇ ਗੁਲਦਾਊਦੀ ਦੇ ਫੁੱਲਾਂ ਵਾਲੇ 2000 ਤੋਂ ਵੱਧ ਗਮਲੇ ਸਜਾ ਕੇ ਰੱਖੇ ਹੋਏ ਹਨ। ’ਵਰਸਿਟੀ ਤੋਂ ਇਲਾਵਾ ਮਹਿੰਦਰ ਪਾਲ ਸਿੰਘ ਸਮੇਤ ਕਈ ਲੋਕਾਂ ਤੇ ਸਿੱਖਿਆ ਸੰਸਥਾਵਾਂ ਵੱਲੋਂ ਵੀ ਮੁਕਾਬਲੇ ਲਈ ਗੁਲਦਾਊਦੀ ਦੇ ਵੱਖ-ਵੱਖ ਕਿਸਮਾਂ ਦੇ ਗਮਲੇ ਸਜਾ ਕੇ ਰੱਖੇ ਹੋਏ ਹਨ। ਇਸ ਸ਼ੋਅ ਦੌਰਾਨ ਕਈ ਨਰਸਰੀਆਂ ਵਾਲਿਆਂ ਵੱਲੋਂ ਵੀ ਆਪਣੇ ਸਟਾਲ ਲਾਏ ਹੋਏ ਹਨ ਜਿੱਥੋਂ ਲੋਕ ਆਪਣੀ ਪਸੰਦ ਦੇ ਫੁੱਲ ਅਤੇ ਹੋਰ ਸਜਾਵਟੀ ਸਾਮਾਨ ਖਰੀਦ ਸਕਦੇ ਹਨ। ਕਈ ਸਕੂਲਾਂ ਦੇ ਬੱਚੇ ਵੀ ਗੁਲਦਾਊਦੀ ਸ਼ੋਅ ਦੇਖਣ ਪਹੁੰਚੇ ਹੋਏ ਸਨ। ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੋਅ ਵਿੱਚ ਗੁਲਦਾਊਦੀ ਦੀਆਂ 90 ਕਿਸਮਾਂ ਦੇ ਫੁੱਲ ਹਨ। ਇਸ ਸ਼ੋਅ ਵਿੱਚ ਸੈਲਾਨੀਆਂ ਲਈ ਵਿੰਟਰ ਕੁਈਨ, ਔਟਮਜੋਏ, ਪੰਜਾਬ ਸ਼ਿੰਗਾਰ, ਰੀਗਲ ਵਾਈਟ, ਰਾਇਲ ਪਰਪਲ, ਮਦਰ ਟੈਰੇਸਾ, ਯੈਲੋ ਚਾਰਮ ਕਿਸਮਾਂ ਮੁੱਖ ਆਕਰਸ਼ਣ ਹਨ।
ਲੋਕਾਂ ਨੇ ਫੁੱਲਾਂ ਨਾਲ ਸੈਲਫੀਆਂ ਲਈਆਂ
Advertisementਗੁਲਦਾਊਦੀ ਸ਼ੋਅ ਵਿੱਚ 12 ਵਰਗਾਂ ਵਿੱਚ ਗੁਲਦਾਊਦੀ ਦੇ ਮੁਕਾਬਲੇ ਵੀ ਹੋ ਰਹੇ ਹਨ। ਇਨ੍ਹਾਂ ਵਿੱਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਮਪੋਨ, ਬਟਨ, ਸਿੰਗਲ/ਡਬਲ ਕੋਰੀਅਨ, ਸਪੂਨ ਤੇ ਐਨੀਮੋਨ ਆਦਿ ਕਿਸਮਾਂ ਪ੍ਰਮੁੱਖ ਹਨ। ਇਨ੍ਹਾਂ ਵਿੱਚੋਂ ਮਾਹਿਰਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਚੋਣ ਕੀਤੀ। ਪਹਿਲੇ ਦਿਨ ਵੱਡੀ ਗਿਣਤੀ ਵਿੱਚ ਫੁੱਲ ਪ੍ਰੇਮੀਆਂ ਨੇ ਸ਼ੋਅ ਵਿੱਚ ਸ਼ਿਰਕਤ ਕੀਤੀ ਅਤੇ ਫੁੱਲਾਂ ਨਾਲ ਸੈਲਫੀਆਂ ਲੈ ਕੇ ਆਪਣਾ ਸਮਾਂ ਬਿਤਾਇਆ।
