ਸਾਹਨੇਵਾਲ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ: ਭਾਜਪਾ
ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖ ਕੇ ਹਲਕਾ ਸਾਹਨੇਵਾਲ ਨਾਲ ਸਬੰਧਤ ਪਿੰਡ ਸਸਰਾਲੀ, ਬੂਥਗੜ੍ਹ ਬੰਨਜਾਰਾ ਅਤੇ ਸਸਰਾਲੀ ਕਲੋਨੀ ਦੇ ਹੜ੍ਹ ਪੀੜਤ ਕਿਸਾਨਾਂ ਲਈ ਮੁਆਵਜ਼ਾ ਮੰਗਿਆ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵੱਖ-ਵੱਖ ਹਲਕਿਆਂ ਵਿੱਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਦੇ ਚੱਲਦਿਆਂ ਹਲਕੇ ਸਾਹਨੇਵਾਲ ਵਿੱਚ ਸਤਲੁਜ ਦਰਿਆ ਦੀ ਵੱਡੀ ਮਾਰ ਪਈ ਸੀ। ਹੜ੍ਹਾਂ ਕਾਰਨ ਇਲਾਕੇ ਦੀਆਂ ਇੱਕਲੀਆਂ ਫ਼ਸਲਾਂ ਬਰਬਾਦ ਨਹੀਂ ਹੋਈਆਂ ਬਲਕਿ ਜ਼ਮੀਨਾਂ ਵੀ ਦਰਿਆ ਵਿੱਚ ਰੁੜ੍ਹ ਗਈਆਂ।
ਭਾਜਪਾ ਬੁਲਾਰੇ ਬਲੀਏਵਾਲ ਨੇ ਪੱਤਰ ਵਿੱਚ ਮੁੱਖ ਮੰਤਰੀ ਨੂੰ 12 ਸਤੰਬਰ ਨੂੰ ਕੀਤੇ ਐਲਾਨ ਬਾਰੇ ਯਾਦ ਕਰਵਾਇਆ ਜਿਸ ਵਿੱਚ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਮਿਲਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਹੁਣ ਤਾਂ ਦੀਵਾਲੀ ਲੰਘੀ ਨੂੰ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਸਾਹਨੇਵਾਲ ਦੇ 77 ਤੋਂ ਵੱਧ ਕਿਸਾਨ ਅਜਿਹੇ ਹਨ, ਜਿਨ੍ਹਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਮੁਆਵਜ਼ੇ ਦਾ ਪੈਸਾ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
