ਚੱਕ ਲੋਹਟ ’ਚ ਘਰ ’ਚ ਦਾਖਲ ਹੋ ਕੇ ਗੋਲੀਬਾਰੀ
ਪਿੰਡ ਚੱਕ ਲੋਹਟ ਵਿਚ ਅੱਜ ਸਵੇਰੇ ਚਾਰ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋਂ ਇੱਕ ਘਰ ਵਿਚ ਦਾਖਲ ਹੋ ਕੇ ਨੌਜਵਾਨ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਵਿਚ ਇੱਕ ਨੌਜਵਾਨ ਜਸਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਜਿਸਦੀ ਉਮਰ ਤਕਰੀਬਨ 20 ਸਾਲ ਹੈ ਉਹ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਹੈ। ਉਨ੍ਹਾਂ ਦੱਸਿਆ ਕਿ ਚੱਕ ਲੋਹਟ ਵਿਖੇ ਉਨ੍ਹਾਂ ਦੇ ਘਰ ਕਰੀਬ 9.30 ਵਜੇ ਚਾਰ ਅਣਪਛਾਤੇ ਵਿਅਕਤੀ ਇੱਕ ਕਾਰ ਵਿਚ ਸਵਾਰ ਹੋ ਕੇ ਆਏ ਅਤੇ ਕੰਧ ਟੱਪ ਕੇ ਘਰ ਅੰਦਰ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਨੌਜਵਾਨ ਜਸਪ੍ਰੀਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਤੇ 3 ਤੋਂ 4 ਗੋਲੀਆਂ ਚਲਾਈਆਂ। ਇਸ ਘਟਨਾ ਵਿਚ ਜਸਪ੍ਰੀਤ ਸਿੰਘ ਦੀ ਮਾਤਾ ਅਤੇ ਭੈਣ ਵਾਲ-ਵਾਲ ਬਚ ਗਈਆਂ। ਫਾਈਰਿੰਗ ਕਰਨ ਤੋਂ ਬਾਅਦ ਇਹ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵਲੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਨੂੰ ਰੋਪੜ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ। ਦਿਨ-ਦਿਹਾੜੇ ਹੋਈ ਇਸ ਘਟਨਾ ਨਾਲ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ, ਐੱਸ.ਪੀ. (ਡੀ) ਪਵਨਜੀਤ, ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੁਲੀਸ ਵਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਜਸਪ੍ਰੀਤ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁੱਜੀ ਫੋਰੈਂਸਿਕ ਟੀਮ ਵਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।