ਬਿਜਲੀ ਦੀਆਂ ਤਾਰਾਂ ’ਚ ਸਪਾਰਕ ਮਗਰੋਂ ਅੱਗ ਲੱਗੀ
ਇਥੋਂ ਦੇ ਵਾਰਡ ਨੰਬਰ 10 ਵਿੱਚ ਬੀਤੀ ਰਾਤ ਬਿਜਲੀ ਦੇ ਮੀਟਰਾਂ ਕੋਲ ਤਾਰਾਂ ਦੀ ਸਪਾਰਕਿੰਗ ਨਾਲ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ। ਇਸ ਅੱਗ ਕਰਕੇ ਮੁਹੱਲੇ ਵਿੱਚ ਲੋਕਾਂ ਨੂੰ ਭਾਜੜਾਂ ਪੈ ਗਈਆਂ। ਮੁਹੱਲਾ ਨਿਵਾਸੀਆਂ ਨੇ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾਇਆ। ਅੱਗ ’ਤੇ ਫੈਲਣ ਤੋਂ ਪਹਿਲਾਂ ਹੀ ਲੋਕਾਂ ਨੇ ਕਾਬੂ ਪਾ ਲਿਆ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਮੁਹੱਲਾ ਨਿਵਾਸੀਆਂ ਅਸ਼ੋਕ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਰਾਤ ਕਰੀਬ ਨੌ ਵਜੇ ਜਦੋਂ ਲੋਕ ਰੋਟੀ ਖਾਣ ਸਣੇ ਹੋਰ ਕੰਮ ਨਿਬੇੜ ਰਹੇ ਸਨ ਤਾਂ ਅਚਾਨਕ ਜ਼ੋਰ ਦੀ ਪਟਾਕਾ ਚੱਲਣ ਦੀ ਆਵਾਜ਼ ਆਈ। ਬਾਹਰ ਨਿੱਕਲ ਕੇ ਦੇਖਣ ’ਤੇ ਬਿਜਲੀ ਵਾਲੇ ਬਕਸੇ ਕੋਲ ਮੋਟੀਆਂ ਤਾਰਾਂ ਆਪਸ ਵਿੱਚ ਜੁੜੀਆਂ ਹੋਈਆਂ ਨਜ਼ਰ ਆਈਆਂ ਜਿੱਥੇ ਅੱਗ ਲੱਗਣੀ ਹਾਲੇ ਸ਼ੁਰੂ ਹੀ ਹੋਈ ਸੀ। ਪਵਨ ਕਾਲੜਾ, ਵਿਨੈ ਵਰਮਾ, ਸੰਦੀਪ ਸਿੰਘ, ਬਲੌਰ ਸਿੰਘ, ਬੌਬੀ ਜੈਨ ਆਦਿ ਮਿੱਟੀ, ਰੇਤਾ, ਸਪਰੇ ਆਦਿ ਨਾਲ ਅੱਗ 'ਤੇ ਕਾਬੂ ਪਾਇਆ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਉਸੇ ਸਮੇਂ ਰਾਤ ਨੂੰ ਪਾਵਰਕੌਮ ਅੱਡਾ ਦਾਖਾ ਨੂੰ ਫੋਨ 'ਤੇ ਸੂਚਨਾ ਦਿੱਤੀ। ਮੁਹੱਲੇ ਵਿੱਚ ਰਾਤ ਤਿੰਨ ਘੰਟੇ ਬਿਜਲੀ ਬੰਦ ਰਹੀ ਅਤੇ ਅੱਧੀ ਰਾਤ ਨੂੰ ਬਿਜਲੀ ਕਰਮਚਾਰੀਆਂ ਨੇ ਸਪਾਰਕਿੰਗ ਤਾਰਾਂ ਨੂੰ ਵੱਖੋ ਵੱਖ ਕਰਕੇ ਬਿਜਲੀ ਚਾਲੂ ਕੀਤੀ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਵੇਰੇ ਉਹ ਉਸ ਵਕਤ ਹੈਰਾਨ ਰਹਿ ਗਏ ਜਦੋਂ ਘਟਨਾ ਵਾਲੀ ਥਾਂ 'ਤੇ ਜੋੜੀਆਂ ਤਾਰਾਂ ਨੰਗੀਆਂ ਸਨ। ਇਨ੍ਹਾਂ ਤਾਰਾਂ ਨੂੰ ਵੱਖ ਵੱਖ ਕਰਕੇ ਪਾਵਰਕੌਮ ਮੁਲਾਜ਼ਮਾਂ ਨੇ ਟੇਪ ਹੀ ਨਹੀਂ ਲਾਈ। ਐਸਡੀਓ ਜਸਕਰਨ ਸਿੰਘ ਦੇ ਧਿਆਨ ਵਿੱਚ ਜਦੋਂ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਨੰਗੀਆਂ ਤਾਰਾਂ ਟੇਪ ਕਰਨ ਲਈ ਫੌਰੀ ਮੁਲਾਜ਼ਮ ਭੇਜਣ ਦਾ ਭਰੋਸਾ ਦਿੱਤਾ।