ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਮੰਜ਼ਿਲਾ ਇਮਾਰੀਤ ਵਿੱਚ ਅੱਗ ਲੱਗੀ, ਲੱਖਾਂ ਦਾ ਨੁਕਸਾਨ

ਭਾਜਪਾ ਆਗੂ ਦੀ ਦੁਕਾਨ ਸਡ਼ੀ; ਨੇੜਲੀਆਂ ਦੁਕਾਨਾਂ ਵੀ ਨੁਕਸਾਨੀਆਂ
ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਤੇ ਪੁਲੀਸ ਦੇ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਆਤਮਾ ਪਾਰਕ ਪੁਲੀਸ ਚੌਕੀ ਦੇ ਸਾਹਮਣੇ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਸੋਮਵਰਾ ਦੇਰ ਰਾਤ ਅੱਗ ਲੱਗ ਗਈ। ਅੱਗ ਇੰਨੀ ਫੈਲ ਗਈ ਕਿ ਇਸਨੇ ਪਹਿਲੀ ਮੰਜ਼ਿਲ ਦੇ ਨਾਲ-ਨਾਲ ਦੂਜੀ ਮੰਜ਼ਿਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਦੋਂ ਕਿ ਨੇੜਲੀਆਂ ਕੁਝ ਦੁਕਾਨਾਂ ਨੂੰ ਵੀ ਅੱਗ ਕਾਰਨ ਨੁਕਸਾਨ ਪੁੱਜਿਆ। ਅੱਗ ਕਾਰਨ ਪੂਰੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। 80 ਲੱਖ ਤੋਂ ਵੱਧ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇੱਥੇ ਸਥਿਤ ਭਾਜਪਾ ਦੀ ਟਿਕਟ ’ਤੇ ਹਲਕਾ ਪੱਛਮੀ ਤੋਂ ਚੋਣ ਲੜ ਚੁੱਕੇ ਜੀਵਨ ਗੁਪਤਾ ਦੀ ਨੈਸ਼ਨਲ ਆਟੋ ਮੋਬਾਈਲ ਦੁਕਾਨ ਵੀ ਪੂਰੀ ਤਰ੍ਹਾਂ ਸੜ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਉਨ੍ਹਾਂ ਨੇ ਦੋ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਹਾਲਾਂਕਿ, ਭਾਜਪਾ ਆਗੂਆਂ ਅਤੇ ਬਾਜ਼ਾਰ ਦੇ ਲੋਕਾਂ ਨੇ ਇਸ ਅੱਗ ਲਈ ਬਿਜਲੀ ਵਿਭਾਗ ਦੇ ਐਸਡੀਓ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਵੀ ਇਲਾਕੇ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ ਅਤੇ ਬਚਾਅ ਕਾਰਜ ਵਿੱਚ ਵੀ ਦੇਰੀ ਹੋਈ ਜਿਸ ਕਾਰਨ ਅੱਗ ਜ਼ਿਆਦਾ ਫੈਲ ਗਈ ਅਤੇ ਇਸ ’ਤੇ ਕਾਬੂ ਪਾਉਣ ਵਿੱਚ ਵੀ ਸਮਾਂ ਲੱਗਿਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ।

ਭਾਜਪਾ ਆਗੂ ਜੀਵਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਅਤੇ ਭਾਰਤ ਆਟੋ ਮੋਬਾਈਲ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਇੱਕ ਦੁਕਾਨ ਹੈ। ਹੇਠਾਂ ਕੁਝ ਦੁਕਾਨਾਂ ਵੀ ਹਨ, ਜਦੋਂ ਕਿ ਉਨ੍ਹਾਂ ਦਾ ਗੋਦਾਮ ਵੀ ਉਨ੍ਹਾਂ ਦੀ ਦੁਕਾਨ ਦੇ ਉੱਪਰ ਹੈ। ਦੁਕਾਨਾਂ ’ਤੇ ਕਾਰ ਦੇ ਸਮਾਨ ਦੇ ਨਾਲ-ਨਾਲ ਹੋਰ ਸਾਮਾਨ ਵੀ ਉਪਲਬਧ ਹੈ। ਜੀਵਨ ਗੁਪਤਾ ਨੇ ਕਿਹਾ ਕਿ ਇਲਾਕੇ ਵਿੱਚ ਲੰਬੇ ਸਮੇਂ ਤੋਂ ਲਾਈਟਾਂ ਦੀ ਵੋਲਟੇਜ ਵਿੱਚ ਉਤਾਰ-ਚੜਾਅ ਆ ਰਿਹਾ ਸੀ। ਬਿਜਲੀ ਵਿਭਾਗ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਕੋਈ ਹੱਲ ਨਹੀਂ ਹੋਇਆ। ਸੋਮਵਾਰ ਰਾਤ ਨੂੰ ਬਾਜ਼ਾਰ ਬੰਦ ਹੋ ਗਿਆ ਅਤੇ ਸਾਰੇ ਘਰ ਚਲੇ ਗਏ। ਅਚਾਨਕ ਪਿੱਛੇ ਤੋਂ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਸ ਨੇ ਪਹਿਲੀ ਅਤੇ ਦੂਜੀ ਮੰਜ਼ਿਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਇੱਕ ਰਾਹਗੀਰ ਨੇ ਸੂਚਨਾ ਦਿੱਤੀ ਤਾਂ ਸਾਰੇ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀ ਟੀਮ ਸਮੇਂ ਸਿਰ ਪਹੁੰਚੀ, ਪਰ ਬਿਜਲੀ ਵਿਭਾਗ ਨੇ ਲਾਪਰਵਾਹੀ ਦਿਖਾਈ। ਜੀਵਨ ਗੁਪਤਾ ਨੇ ਦੋਸ਼ ਲਗਾਇਆ ਕਿ ਜੇਈ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਐਸਡੀਓ ਨੂੰ ਇਲਾਕੇ ਵਿੱਚ ਸਪਲਾਈ ਬੰਦ ਕਰਨ ਲਈ ਕਿਹਾ ਤਾਂ ਜੋ ਰਾਹਤ ਕਾਰਜ ਸ਼ੁਰੂ ਕੀਤਾ ਜਾ ਸਕੇ। ਜੀਵਨ ਗੁਪਤਾ ਨੇ ਦੋਸ਼ ਲਗਾਇਆ ਕਿ ਸੂਚਨਾ ਮਿਲਣ ਤੋਂ ਬਾਅਦ ਵੀ ਐਸਡੀਓ ਨੇ ਬਿਜਲੀ ਸਪਲਾਈ ਬੰਦ ਕਰਨ ਵਿੱਚ ਅੱਧਾ ਘੰਟਾ ਲਗਾਇਆ ਜਿਸ ਕਾਰਨ ਬਚਾਅ ਕਾਰਜ ਦੇਰ ਨਾਲ ਸ਼ੁਰੂ ਹੋਇਆ ਅਤੇ ਨੁਕਸਾਨ ਜ਼ਿਆਦਾ ਹੋਇਆ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਮਾਰਤ ਵਿੱਚ ਅੱਗ ਲੱਗਣ ਕਾਰਨ 80 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

Advertisement

Advertisement
Show comments