ਸਿਵਲ ਹਸਪਤਾਲ ’ਚ ਕੂੜੇ ਦੇ ਢੇਰ ਨੂੰ ਅੱਗ ਲੱਗੀ
ਸ਼ਹਿਰ ਦੇ ਸਿਵਲ ਹਸਪਤਾਲ ਦੇ ਅੰਦਰ ਬਲੱਡ ਬੈਂਕ ਦੇ ਪਿੱਛੇ ਖਾਲੀ ਥਾਂ ਵਿੱਚ ਪਏ ਕੂੜੇ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਹੋਰ ਫੈਲ ਗਈ ਤਾਂ ਰੌਲਾ ਪੈ ਗਿਆ, ਜਿਸ ਕਾਰਨ ਹਸਪਤਾਲ ਦੇ ਮਰੀਜ਼ਾਂ ਤੇ ਪ੍ਰਸ਼ਾਸਨ ਵਿੱਚ ਹਫਰਾ-ਤਫਰੀ ਫੈਲ ਗਈ। ਸਟਾਫ਼ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਇਸ ਮਗਰੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇੱਕ ਫਾਇਰ ਟੈਂਡਰ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਦਰਅਸਲ, ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਪਿੱਛੇ ਖਾਲੀ ਥਾਂ ਹੈ, ਜਿੱਥੇ ਕੂੜਾ ਇਕੱਠਾ ਕੀਤਾ ਗਿਆ ਹੈ। ਇਸ ਵਿੱਚੋਂ ਕੁਝ ਹਸਪਤਾਲ ਦੇ ਸਟਾਫ ਵੱਲੋਂ ਸੁੱਟਿਆ ਗਿਆ ਸੀ, ਜਦੋਂ ਕਿ ਕੁਝ ਬਾਹਰੋਂ ਲੋਕਾਂ ਨੇ ਕੰਧ ’ਤੇ ਕੂੜਾਂ ਸੁੱਟ ਦਿੱਤਾ ਸੀ। ਅੱਜ ਸਵੇਰੇ ਕੂੜੇ ਨੂੰ ਅਚਾਨਕ ਅੱਗ ਲੱਗ ਗਈ। ਅੱਗ ਹੌਲੀ-ਹੌਲੀ ਫੈਲ ਗਈ ਅਤੇ ਨੇੜੇ ਦੇ ਵਿਅਕਤੀਆਂ ਨੇ ਰੌਲਾ ਪਾਇਆ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਐੱਸ ਐੱਮ ਓ ਅਖਿਲ ਸਰੀਨ ਮੌਕੇ ’ਤੇ ਪਹੁੰਚੇ। ਸਟਾਫ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਫੈਲਦੀ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇਮੁਲਾਜ਼ਮ ਨੇ ਲਗਭਗ ਪੌਣੇ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ।
