ਫੀਡ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗੀ
ਸਨਅਤੀ ਸ਼ਹਿਰ ਦੇ ਬਹਾਦਰ ਰੋਡ ’ਤੇ ਸਥਿਤ ਪਸ਼ੂਆਂ ਦੀ ਫੀਡ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਹਰ ਪਾਸੇ ਧੂੰਆਂ ਫੈਲ ਗਿਆ। ਅੱਗ ਵਿੱਚ ਲੱਖਾਂ ਰੁਪਏ ਦਾ ਸਾਮਾਨ ਅਤੇ ਮਸ਼ੀਨਰੀ ਸੜ ਕੇ ਸਵਾਹ ਹੋ ਗਈ। ਜਦੋਂ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤਾਂ ਫੈਕਟਰੀ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਭੱਜੇ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਲਗਪਗ ਦੋ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜਾਣਕਾਰੀ ਮੁਤਾਬਕ ਬਹਾਦਰ ਕੇ ਰੋਡ ’ਤੇ ਸਥਿਤ ਸੰਤ ਸਾਹਿਬ ਤੇਲ ਮਿੱਲ ਪਸ਼ੂਆਂ ਦੀ ਫੀਡ ਫੈਕਟਰੀ ਤਿਆਰ ਕਰਦੀ ਹੈ। ਸਵੇਰੇ 9: 30 ਵਜੇ ਦੇ ਕਰੀਬ ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਤਾਂ ਅੱਗ ਲੱਗ ਗਈ। ਕੱਚੇ ਮਾਲ ਵਿੱਚੋਂ ਧੂੰਏਂ ਅਤੇ ਤੇਜ਼ ਸੜਨ ਦੀ ਬਦਬੂ ਆਉਣ ’ਤੇ ਜਦੋਂ ਮਜ਼ਦੂਰਾਂ ਨੇ ਜਾਂਚ ਕੀਤੀ ਤਾਂ ਅੱਗ ਪਹਿਲਾਂ ਹੀ ਫੈਲ ਚੁੱਕੀ ਸੀ। ਇਸ ਦੌਰਾਨ ਅੱਗ ਹੌਲੀ-ਹੌਲੀ ਵਧਦੀ ਗਈ ਅਤੇ ਜਦੋਂ ਤੱਕ ਉਹ ਇਸ ’ਤੇ ਕਾਬੂ ਪਾ ਸਕੇ, ਉਦੋਂ ਤੱਕ ਅੱਗ ਕਾਫ਼ੀ ਫੈਲ ਚੁੱਕੀ ਸੀ। ਫੈਕਟਰੀ ਨੂੰ ਲੱਗੀ ਅੱਗ ਦਾ ਧੂੰਆਂ ਕਾਫ਼ੀ ਕਿਲੋਮੀਟਰ ਤੱਕ ਫੈਲ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਤਿਆਰ ਮਾਲ ਸੜਕੇ ਸਵਾਹ ਹੋ ਗਿਆ ਤੇ ਲੱਖਾਂ ਰੁਪਏ ਦਾ ਕੱਚਾ ਅਤੇ ਤਿਆਰ ਮਾਲ ਸੜ ਗਿਆ।
