ਹੜ੍ਹ ਪ੍ਰਭਾਵਿਤ ਲੋਕਾਂ ਦੀ ਵਿੱਤੀ ਮਦਦ
ਆਮ ਆਦਮੀ ਪਾਰਟੀ ਦੇ ਆਗੂ ਤੇ ਹਲਕਾ ਦਾਖਾ ਦੇ ਇੰਚਾਰਜ ਡਾ. ਕੇਐਨਐਸ ਕੰਗ ਨੇ ਜਗਰਾਉਂ ਦੀ ਸਬ-ਤਹਿਸੀਲ ਸਿੱਧਵਾਂ ਬੇਟ ਅਧੀਨ ਪਿੰਡ ਵਲੀਪੁਰ ਖੁਰਦ ਅਤੇ ਖੁਰਸ਼ੈਦਪੁਰਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ 8.17 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਧਾਨ ਪਰਮਿੰਦਰ ਸਿੰਘ ਸਿੱਧਵਾਂ, ਬਲਕਾਰ ਸਿੰਘ, ਸਰਪੰਚ ਜੱਜ ਸਿੰਘ ਖੁਰਸ਼ੈਦਪੁਰਾ, ਪੰਚ ਰਣਜੀਤ ਸਿੰਘ ਭੈਣੀ ਅਰਾਈਆਂ ਅਤੇ ਵੱਡੀ ਗਿਣਤੀ 'ਆਪ' ਵਾਲੰਟੀਅਰ ਤੇ ਲੋਕ ਮੌਜੂਦ ਸਨ। ਡਾ. ਕੰਗ ਨੇ ਦੱਸਿਆ ਕਿ ਸਬ-ਤਹਿਸੀਲ ਸਿੱਧਵਾਂ ਬੇਟ ਅਧੀਨ ਪਿੰਡ ਵਲੀਪੁਰ ਖੁਰਦ ਵਿਖੇ 6 ਲਾਭਪਾਤਰੀਆਂ ਨੂੰ 1.94 ਲੱਖ ਜਦਕਿ ਪਿੰਡ ਖੁਰਸ਼ੈਦਪੁਰਾ ਵਿੱਚ 22 ਲਾਭਪਾਤਰੀਆਂ ਨੂੰ 6.23 ਲੱਖ ਰੁਪਏ ਦੀ ਰਾਸ਼ੀ ਸਪੁਰਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਪੂਰੀ ਰਕਮ ਸਿੱਧੀ ਲਾਭ ਟਰਾਂਸਫਰ (ਡੀਬੀਟੀ) ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਗਈ ਹੈ। ਉਨ੍ਹਾਂ ਦੁਹਰਾਇਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਇਨ੍ਹਾਂ ਨੂੰ ਕੀਤੇ ਵਾਅਦੇ ਮੁਤਾਬਕ ਰਾਸ਼ੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵਲੋਂ ਹੜ੍ਹ ਦੀ ਮਾਰ ਹੇਠ ਆਏ ਪਰਿਵਾਰ ਨੂੰ ਫ਼ਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਘਰਾਂ ਦੇ ਨੁਕਸਾਨ ਲਈ 1,20,000 ਰੁਪਏ ਪਏ ਤੱਕ ਅਤੇ ਪਸ਼ੂਆਂ ਦੀ ਸਹਾਇਤਾ ਮਿਲੀ ਹੈ।
