ਤਿਉਹਾਰੀ ਸੀਜ਼ਨ: ਬੱਸ ਅੱਡੇ ਤੋਂ ਘੰਟਾ ਘਰ ਚੌਕ ਤੱਕ ਸੜਕ ਨਵੀਂ ਬਣਾਉਣ ਦੀ ਮੰਗ
ਇੱਥੇ ਅੱਧੀ ਦਰਜਨ ਦੇ ਕਰੀਬ ਦੁਕਾਨਦਾਰ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਅੱਜ ਨਗਰ ਨਿਗਮ ਕਮਿਸ਼ਨਰ ਅਤੇ ਸੀਨੀਅਰ ਡਿਪਟੀ ਮੇਅਰ ਨੂੰ ਮਿਲ ਕੇ ਲੋਕਲ ਬੱਸ ਅੱਡਾ ਤੋਂ ਘੰਟਾ ਘਰ ਚੌਕ ਅਤੇ ਨਾਲ ਲੱਗਦੇ ਇਲਾਕਿਆਂ ਦੀ ਖਸਤਾ ਹਾਲ ਸੜਕਾਂ ਨਵੀਆਂ ਬਣਾਉਣ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਅਤੇ ਦੁਕਾਨਦਾਰ ਜਥੇਬੰਦੀ ਦੇ ਆਗੂ ਚੰਦਰ ਕਾਂਤ ਚੱਢਾ ਦੀ ਅਗਵਾਈ ਹੇਠਲੇ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੂੰ ਦੱਸਿਆ ਕਿ ਬਰਸਾਤ ਦੇ ਇੱਕ ਮਹੀਨੇ ਬਾਅਦ ਵੀ ਇਨ੍ਹਾਂ ਸੜਕਾਂ ਦੀ ਮਾੜੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਬਾਹਰ ਦੋਵਾਂ ਪਾਸਿਆਂ ’ਤੇ ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ ਜਿਸ ਕਾਰਨ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਲ ਬਸ ਅੱਡੇ ਤੋਂ ਘੰਟਾ ਘਰ ਚੌਕ ਤੱਕ ਦੀ ਖਸਤਾ ਹਾਲ ਸੜਕ ਕਾਰਨ ਅਕਸਰ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ, ਗਾਹਕਾਂ ਅਤੇ ਹੋਰ ਰਾਹਗੀਰਾਂ ਨੂੰ ਤਿਉਹਾਰੀ ਸੀਜ਼ਨ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਰੇਖੀ ਸਿਨੇਮਾ ਚੌਕ ਸ਼ਾਪਕੀਪਰ ਐਸੋਸੀਏਸ਼ਨ, ਘੰਟਾ ਘਰ ਸ਼ਾਪਕੀਪਰ ਐਸੋਸੀਏਸ਼ਨ, ਕਮਲਾ ਨਹਿਰੂ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ, ਮਿਨੀ ਕਮਲਾ ਨਹਿਰੂ ਮਾਰਕੀਟ ਅਤੇ ਗੁਰੂ ਰਾਮਦਾਸ ਮਾਰਕੀਟ ਦੇ ਦੁਕਾਨਦਾਰ ਹਾਜ਼ਰ ਸਨ ਜਿਨ੍ਹਾਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਤਾਂ ਜੋ ਤਿਉਹਾਰੀ ਸੀਜ਼ਨ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤਰਨਜੀਤ ਸਿੰਘ ਕੋਹਲੀ, ਸਿਮਰਨਜੀਤ ਸਿੰਘ ਸ਼ੈਰੀ ਅਤੇ ਜੋਨੀ ਮਹਿਰਾ ਵੀ ਹਾਜ਼ਰ ਸਨ।
ਸੜਕ ਨਵੇਂ ਸਿਰਿਓਂ ਬਣਾਉਣ ਦਾ ਭਰੋਸਾ
Advertisementਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਅਗਲੇ ਦਿਨਾਂ ’ਚ ਉਹ ਸੜਕ ਦਾ ਸਰਵੇਖਣ ਕਰਵਾ ਕੇ ਇਸ ਨੂੰ ਨਵੇਂ ਸਿਰਿਓਂ ਬਣਵਾਉਣ ਲਈ ਕਾਰਵਾਈ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸੜਕ ਦੀ ਮੰਦੀ ਹਾਲਤ ਬਣੀ ਹੈ ਅਤੇ ਨਗਰ ਨਿਗਮ ਵੱਲੋਂ ਇਸ ਸਬੰਧੀ ਜਲਦੀ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।