ਝੋਨੇ ਦੀ ਚੁਕਾਈ ਲਈ ਮਜ਼ਦੂਰ ਘੱਟ ਮਿਲਣ ਦਾ ਖਦਸ਼ਾ
ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਕਾਰਕੁਨਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੰਜਾਬ ਵੱਚ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਦੀ ਜੋ ਲਹਿਰ ਚੱਲ ਰਹੀ ਹੈ, ਉਸ ਦਾ ਮੰਡੀਆਂ ਵਿੱਚ ਝੋਨੇ ਦੀ ਚੁਕਵਾਈ ’ਤੇ ਮਾੜਾ ਪ੍ਰਭਾਵ ਪਵੇਗਾ। ਇਸ ਤੋਂ ਇਲਾਵਾ ਇਸ ਸੀਜ਼ਨ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਨਾ ਆਉਣ ਕਾਰਨ ਉਨ੍ਹਾਂ ਠੇਕੇਦਾਰਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਜਿਨ੍ਹਾਂ ਖਰੀਦ ਸੀਜ਼ਨਾਂ ਲਈ ਪੰਜਾਬ ਆਉਣ ਵਾਲੀ ਲੇਬਰ ਨੂੰ ਮੋਟੀਆਂ ਰਕਮਾਂ ਐਡਵਾਂਸ ਦਿੱਤੀਆਂ ਹੋਈਆਂ ਹਨ।
ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੀਤੇ ਦਿਨਾਂ ਦੌਰਾਨ ਨਸਲੀ ਵਿਤਕਰੇ ਦੀਆਂ ਘਟਣਾਵਾਂ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਕਰਕੇ ਸੂਬੇ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਮੀਤ ਪ੍ਰਧਾਨ ਬੀਰੀ ਮੋਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਚੱਲ ਰਹੀ ਲਹਿਰ ਕਾਰਨ ਇਸ ਵਾਰ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ ਮਜ਼ਦੂਰ ਇੱਥੇ ਆਉਣ ਤੋਂ ਝਿਜਕ ਰਹੇ ਹਨ।
ਭਾਵੇਂ ਹਾਲ ਦੀ ਘੜੀ ਮੰਡੀਆਂ ਵਿੱਚ ਫਸਲ ਦੀ ਸੰਭਾਲ ਤੇ ਸਫਾਈ ਚੱੱਲ ਰਹੀ ਹੈ ਪਰ ਜਦੋਂ ਝੋਨੇ ਦੀ ਆਮਦ ਵਧੇਗੀ ਤਾ ਇਹ ਦਿੱਕਤ ਸਾਹਮਣੇ ਆਵੇਗੀ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਤੋਂ ਮੰਗ ਕੀਤੀ ਹੈ ਕਿ ਲੋੜੀਂਦੇ ਪ੍ਰਬੰਧ ਕਰਕੇ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਮਜਦੂਰਾਂ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਪੰਜਾਬ ਆਉਣ ਤੋਂ ਪਹਿਲਾਂ ਸੁਰੱਖਿਆ ਮੰਗ ਰਹੀ ਹੈ ਲੇਬਰ: ਠੇਕੇਦਾਰ
ਲੇਬਰ ਠੇਕੇਦਾਰ ਤੇ ਯੂਨੀਅਨ ਆਗੂ ਰਜਿੰਦਰ ਕੁਮਾਰ ਖੰਡਵਾਲ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਇੱਥੇ ਆਉਣ ਵਾਲੀਆਂ ਪਰਵਾਸੀ ਮਜਦੂਰਾਂ ਦੀਆਂ ਟੋਲੀਆਂ ਨਾਲ ਸੰਪਰਕ ਕਰ ਰਹੇ ਹਨ ਪਰ ਉਨ੍ਹਾਂ ਨੇ ਆਉਣ ਤੋਂ ਪਹਿਲਾਂ ਆਪਣੀ ਸੁਰੱਖਿਆ ਬਾਰੇ ਭਰੋਸਾ ਮੰਗਿਆ ਹੈ। ਖੰਡਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੰਮ ਲਈ ਇੱਥੇ ਆਉਣ ਲਈ ਤਿਆਰ ਹੋਏ ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ ਤੋਂ ਲੈ ਕੇ ਆਉਣ ਅਤੇ ਸੁਰੱਖਿਅਤ ਥਾਵਾਂ ’ਤੇ ਰੱਖਣ ਦਾ ਵਾਅਦਾ ਕੀਤਾ ਹੈ।
ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ: ਕੌਂਸਲ ਪ੍ਰਧਾਨ
ਗੱਲਾ ਮਜਦੂਰਾਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਨਗਰ ਕੌਂਸਲ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਦਾਣਾ ਮੰਡੀਆਂ ਦੇ ਪ੍ਰਬੰਧ ਅਤੇ ਪਰਵਾਸੀ ਮਜਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਇੰਤਜ਼ਾਮ ਕੀਤਾ ਹੈ।