ਸਨਅਤਕਾਰ ਦੇ ਪੁੱਤਰ ’ਤੇ ਹਮਲੇ ਦੇ ਦੋਸ਼ ਹੇਠ ਪਿਓ-ਪੁੱਤ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਅਗਸਤ
ਥਾਣਾ ਮੋਤੀ ਨਗਰ ਦੇ ਇਲਾਕੇ ਫੇਸ 4 ਫੋਕਲ ਪੁਆਇੰਟ ’ਚ ਇੱਕ ਫੈਕਟਰੀ ਦੇ ਬਾਹਰ ਫੈਕਟਰੀ ਮਾਲਕਾਂ ਨਾਲ ਬਹਿਸਬਾਜ਼ੀ ਕਰਦਿਆਂ ਹਵਾਈ ਫਾਇਰਿੰਗ ਕਰਕੇ ਦਹਿਸ਼ਤ ਪੈਦਾ ਕਰਨ ਦੇ ਦੋਸ਼ ਹੇਠ ਪਿਓ-ਪੁੱਤਰ ਦੀ ਜੋੜੀ ਨੂੰ ਪੁਲੀਸ ਨੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 32-ਏ ਚੰਡੀਗੜ੍ਹ ਰੋਡ ਵਾਸੀ ਸਮੀਰ ਰਲਹਨ ਆਪਣੀ ਫੈਕਟਰੀ ਟੂਲਜ਼ ਇੰਡਸਟਰੀ ਦੇ ਮੇਨ ਗੇਟ ਕੋਲ ਖੜ੍ਹਾ ਸੀ ਤਾਂ ਸੁਖਵਿੰਦਰ ਸਿੰਘ ਫੈਕਟਰੀ ਦੇ ਅੱਗਿਓਂ ਟਰੱਕ ’ਤੇ ਲੰਘਿਆਂ। ਇਸ ਮੌਕੇ ਉਸ ਨੇ ਟਰੱਕ ਵਿੱਚੋਂ ਕੁੱਝ ਕੂੜਾ ਫੈਕਟਰੀ ਦੇ ਮੇਨ ਗੇਟ ਅੱਗੇ ਸੁੱਟ ਦਿੱਤਾ। ਸਮੀਰ ਨੇ ਜ਼ਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆਂ ਤਾਂ ਸੁਖਵਿੰਦਰ ਨੇ ਉਸ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਮੀਰ ਨੇ ਉਸ ਨੂੰ ਰੋਕਿਆ ਤੇ ਸਹੀ ਢੰਗ ਨਾਲ ਗੱਲ ਕਰਨ ਲਈ ਕਿਹਾ ਕਿ ਤਾਂ ਸੁਖਵਿੰਦਰ ਨੇ ਆਪਣੇ ਪੁੱਤਰ ਪਰਮਿੰਦਰ ਨੂੰ ਵੀ ਉਥੇ ਬੁਲਾ ਲਿਆ, ਜਿਸ ਨੇ ਆਉਂਦਿਆਂ ਹੀ ਸਮੀਰ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ ਤੇ ਆਪਣੀ ਪਿਸਤੌਲ ਕੱਢ ਕੇ ਹਵਾਈ ਫਾਇਰ ਕਰ ਦਿੱਤੇ। ਉਨ੍ਹਾਂ ਸਮੀਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਮੌਕੇ ਆਪਣੀ ਜਾਨ ਬਚਾਅ ਕੇ ਸਮੀਰ ਫੈਕਟਰੀ ਦੇ ਅੰਦਰ ਆ ਗਿਆ ਤੇ ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।
ਮੌਕੇ ’ਤੇ ਪਹੁੰਚੀ ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਆਪਣੇ ਕਾਬੂ ਹੇਠ ਲੈ ਲਿਆ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪਿਸਤੌਲ, ਖਾਲੀ ਮੈਗਜ਼ੀਨ, 10 ਰੌਂਦ ਇੱਕ ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਤੇ ਉਸਦੇ ਪੁੱਤਰ ਪਰਮਿੰਦਰ ਸਿੰਘ ਵਾਸੀ ਗੁਰਬਚਨ ਨਗਰ ਲੋਹਾਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।