ਕਿਸਾਨਾਂ ਨੇ ਇਕ ਇੰਚ ਜ਼ਮੀਨ ਵੀ ਨਾ ਦੇਣ ਦਾ ਅਹਿਦ ਦਹੁਰਾਇਆ
ਇਲਾਕੇ ਦੇ ਪਿੰਡ ਮਲਕ, ਪੋਨਾ, ਅਲੀਗੜ੍ਹ ਤੇ ਅਗਵਾੜ ਗੁੱਜਰਾਂ ਦੇ ਅੱਜ ਲਗਭਗ ਸਾਰੇ ਟਰੈਕਟਰ ਸੜਕਾਂ 'ਤੇ ਆ ਗਏ ਅਤੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ। ਇਨ੍ਹਾਂ ਪਿੰਡਾਂ ਦੀ ਪੰਜ ਸੌ ਏਕੜ ਤੋਂ ਵਧੇਰੇ ਜ਼ਮੀਨ ਲੈਂਡ ਪੂਲਿੰਗ ਨੀਤੀ ਦੀ ਮਾਰ ਹੇਠ ਹੈ। ਇਸੇ ਕਰਕੇ ਇਨ੍ਹਾਂ ਪਿੰਡਾਂ ਵਿੱਚੋਂ ਕਿਸਾਨ ਸੈਂਕੜੇ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਮਾਰਚ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਸਾਨ ਆਗੂਆਂ ਦੀ ਮੌਜੂਦਗੀ ਵਿੱਚ ਇਕ ਇੰਚ ਜ਼ਮੀਨ ਵੀ ਨਾ ਦੇਣ ਦਾ ਅਹਿਦ ਦੁਹਰਾਇਆ। ਇਸ 'ਤੇ ਜੋਸ਼ ਵਿੱਚ ਆਏ ਕਿਸਾਨ ਆਗੂਆਂ ਨੇ ਵੀ ਜ਼ਮੀਨਾਂ ਬਚਾਉਣ ਲਈ ਹਰ ਕੁਰਬਾਨੀ ਦੇਣ ਦਾ ਐਲਾਨ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਪਿੰਡਾਂ ਤੋਂ ਆਏ ਟਰੈਕਟਰ ਕਈ ਏਕੜ ਵਿੱਚ ਫੈਲੀ ਸਥਾਨਕ ਪਸ਼ੂ ਮੰਡੀ ਵਿੱਚ ਇਕੱਠੇ ਹੋਏ। ਇਥੋਂ ਕਤਾਰ ਬੰਨ੍ਹ ਕੇ ਇਹ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ 'ਤੇ ਨਿੱਕਲੇ। ਕੁਝ ਕਿਲੋਮੀਟਰ ਹਾਈਵੇਅ 'ਤੇ ਚੱਲਣ ਤੋਂ ਬਾਅਦ ਪਿੰਡ ਸਿੱਧਵਾਂ ਕਲਾਂ, ਪੋਨਾ, ਅਲੀਗੜ੍ਹ ਹੁੰਦੇ ਹੋਏ ਸ਼ਹਿਰ ਵਿੱਚ ਦਾਖ਼ਲ ਹੋਏ। ਮੁੱਖ ਤਹਿਸੀਲ ਚੌਕ ਵਿੱਚ ਰੁਕ ਕੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਟਰੈਕਟਰ ਮਾਰਚ ਸਮੇਂ ਬੀਕੇਯੂ (ਡਕੌਂਦਾ) ਦੇ ਸੂਬਾਈ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਹਰਦੇਵ ਸਿੰਘ ਸੰਧੂ, ਪ੍ਰਧਾਨ ਬਿੰਦਰ ਮਨੀਲਾ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਦੀਦਾਰ ਸਿੰਘ ਮਲਕ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸੁਖਦੇਵ ਸਿੰਘ ਸ਼ੇਰਪੁਰ, ਅਰਜਨ ਸਿੰਘ ਖੇਲਾ, ਸ਼ਿੰਦਰਪਾਲ ਸਿੰਘ ਢਿੱਲੋਂ, ਸਵਰਨ ਸਿੰਘ ਮਲਕ, ਪਰਵਾਰ ਸਿੰਘ ਆਦਿ ਸ਼ਾਮਲ ਹੋਏ। ਕਾਮਰੇਡ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਪਿੰਡਾਂ ਦੇ ਆਲੇ ਦੁਆਲੇ ਲਾਲ ਲਕੀਰ ਹੁੰਦੀ ਸੀ। ਜਦੋਂ ਵਸੋਂ ਵਿੱਚ ਵਾਧਾ ਹੋਇਆ ਤਾਂ ਆਪਣੇ ਆਪ ਹੋਇਆ ਕੋਈ ਰੌਲਾ-ਰੱਪਾ ਨਹੀਂ ਪਿਆ। ਅਸਲ ਵਿੱਚ ਸਰਕਾਰ ਲੋਕਾਂ ਦਾ ਧਿਆਨ ਚੋਣਾਂ ਦੌਰਾਨ ਕੀਤੇ ਵਾਅਦਿਆ ਤੋਂ ਪਾਸੇ ਹਟਾਉਣਾ ਚਾਹੁੰਦੀ ਹੈ। ਬਥੇਰੀ ਜ਼ਮੀਨ ਅਣਵਰਤੀ ਪਈ ਹੈ ਜਿੱਥੇ ਖੇਤੀ ਆਧਾਰਤ ਰੁਜ਼ਗਾਰ ਮੁਖੀ ਕਾਰਖਾਨੇ ਲਾਉਣ ਦੀ ਜ਼ਰੂਰਤ ਹੈ।