ਪਰਵਾਸੀਆਂ ਦੇ ਵਿਰੋਧ ਬਾਰੇ ਕਿਸਾਨ ਯੂਨੀਅਨ ਚਿੰਤਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਰਵਾਸੀਆਂ ਦੇ ਵਿਰੋਧ ਨੂੰ ਲੈਕੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਮਾੜੇ ਕੁਕਰਮ ਕਰਨ ਵਾਲਿਆਂ ਨੂੰ ਫਾਹੇ ਲਾ ਦਿਓ ਪਰ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਣਾ ਠੀਕ ਨਹੀਂ ਹੈ।
ਅੱਜ ਇੱਥੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਨੇ ਮੰਗ ਕੀਤੀ ਹੈ ਕਿ ਹੁਸ਼ਿਆਰਪੁਰ ਦੇ ਮਾਸੂਮ ਬੱਚੇ ਨੂੰ ਬੇਦਰਦੀ ਨਾਲ ਕਤਲ ਕਰਨ ਵਾਲੇ ਪਰਵਾਸੀ ਨੂੰ ਨੂੰ ਸਖ਼ਤ ਤੇ ਸਖ਼ਤ ਫੌਰੀ ਸਜ਼ਾ ਦਿੱਤੀ ਜਾਵੇ ਪਰ ਇਸ ਦੀ ਆੜ ਵਿੱਚ ਸਾਰੇ ਪਰਵਾਸੀਆ ਨੂੰ ਇੱਕੋ ਰੱਸੇ ਨਾਲ ਨਾ ਬਣਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਮਾੜੇ ਅਨਸਰ ਹਨ ਉਨ੍ਹਾਂ ਨੂੰ ਬਖਸ਼ਿਆ ਨਾ ਜਾਵੇ, ਫ਼ਿਰਕਾਪ੍ਰਸਤੀ ਤਹਿਤ ਇਹੀ ਕੁੱਝ ਇੰਗਲੈਂਡ ਅਤੇ ਅਮਰੀਕਾ 'ਚ ਹੋ ਰਿਹਾ ਹੈ। ਲੱਖਾਂ ਗੋਰਿਆਂ ਨੇ ਭਾਰਤ ਤੋਂ ਉਥੇ ਗਏ ਪਰਵਾਸੀਆਂ ਨੂੰ ਆਪਣੇ ਦੇਸ਼ ਵਾਪਿਸ ਚਲੇ ਜਾਓ ਦੀ ਮੰਗਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਖਾਂ ਭਾਰਤੀ ਖ਼ਾਸ ਕਰਕੇ ਪੰਜਾਬੀ ਇੱਧਰ ਆਉਣਗੇ। ਦੂਜੇ ਪਾਸੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਪੰਜਾਬੀਆਂ ਦੇ ਵੱਡੇ ਵੱਡੇ ਕਾਰੋਬਾਰ ਹਨ। ਉਨ੍ਹਾਂ ਨੂੰ ਉਥੋਂ ਕੱਢਣ ਨਾਲ ਕੀ ਬਣੇਗਾ ? ਉਨ੍ਹਾਂ ਦੋਸ਼ ਲਗਾਇਆ ਕਿ ਇਹ ਮਜ਼ਦੂਰਾਂ -ਮਿਹਨਤਕਸ਼ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਇੱਕ ਕੋਝੀ ਚਾਲ ਹੈ ਜੋ ਸਰਮਾਏਦਾਰਾਂ, ਸਰਕਾਰਾਂ ਤੇ ਫ਼ਿਰਕਾਪ੍ਰਸਤਾਂ ਨੂੰ ਫਿੱਟ ਬੈਠਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਭਰਾ-ਮਾਰੂ ਚਾਲਾਂ ਤੋਂ ਬੱਚਣ ਅਤੇ ਭਾਈਚਾਰਕ ਤੇ ਜਮਾਤੀ ਸਾਂਝ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।