ਕਿਸਾਨਾਂ ਵੱਲੋਂ ਮਾਰਕਫ਼ੈਡ ਦਫ਼ਤਰ ਅੱਗੇ ਧਰਨਾ
ਡੀਏਪੀ ਖਾਦ ਦੀ ਘਾਟ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇਥੋਂ ਦੇ ਮਾਰਕਫ਼ੈਡ ਦਫ਼ਤਰ ਅੱਗੇ ਧਰਨਾ ਲਾਇਆ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਮਾਰਕਫ਼ੈਡ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਖੰਨਾ ਜ਼ਿਲ੍ਹੇ ਦੀਆਂ ਜ਼ਿਆਦਾਤਰ ਸੁਸਾਇਟੀਆਂ ਨੂੰ ਡੀਏਪੀ ਖਾਦ ਦੀ ਸਪਲਾਈ ਨਹੀਂ ਹੋ ਰਹੀ ਜਿਸ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਮੁਸ਼ਕਿਲ ਆ ਰਹੀ ਹੈ। ਜਦ ਕਿ ਪ੍ਰਾਈਵੇਟ ਦੁਕਾਨਦਾਰ ਕਿਸਾਨਾਂ ਨੂੰ ਡੀਏਪੀ ਦੇ ਨਾਲ ਨਾਲ ਵਾਧੂ ਸਪਲਾਈ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰਨਗੇ ਅਤੇ ਵੱਡੇ ਪੱਧਰ ’ਤੇ ਸੰਘਰਸ਼ ਅਰੰਭਿਆ ਜਾਵੇਗਾ।
ਇਸ ਮੌਕੇ ਮਾਰਕਫ਼ੈਡ ਦੇ ਡਿਪਟੀ ਮੈਨੇਜਰ ਸੁਧੀਰ ਕੁਮਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਡੀਏਪੀ ਸਪਲਾਈ ਸਮੱਸਿਆ ਦੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਨੂੰ ਵੀ ਵਾਧੂ ਸਪਲਾਈ ਨਹੀਂ ਦਿੱਤੀ ਜਾਵੇਗੀ। ਜਿਸ ਤੇ ਕਿਸਾਨ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਖਤਮ ਕਰਦਿਆਂ ਕਿਹਾ ਕਿ ਮੌਜੂਦਾ ਸੀਜ਼ਨ ਵਿਚ ਡੀਏਪੀ ਖਾਦ ਦੀ ਸਮੇਂ ਸਿਰ ਉਪਲੱਬਧਤਾ ਬਹੁਤ ਜ਼ਰੂਰੀ ਹੈ ਕਿਉਂਕਿ ਫਸਲ ਉਤਪਾਦਨ ਇਸ ’ਤੇ ਨਿਰਭਰ ਕਰਦਾ ਹੈ। ਇਸ ਮੌਕੇ ਜਗਦੇਵ ਸਿੰਘ ਸੇਖੋਂ, ਨਿਰਮਲ ਸਿੰਘ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ ਗਿੱਲ, ਜਗਤਾਰ ਸਿੰਘ, ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਡਾ. ਰਾਜੂ, ਦਰਸ਼ਨ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।