ਹੜ੍ਹ ਪੀੜਤਾਂ ਤੇ ਪਰਵਾਸੀ ਮਜ਼ਦੂਰਾਂ ਬਾਰੇ ਕਿਸਾਨਾਂ ਦੀ ਲਾਮਬੰਦੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀਆਂ ਬਲਾਕ ਦੀਆਂ ਮੀਟਿੰਗਾਂ ਵੱਖ-ਵੱਖ ਪਿੰਡਾਂ ਵਿੱਚ ਹੋਈਆਂ। ਇਸ ਵਿੱਚ ਪ੍ਰਮੁੱਖ ਤੌਰ ’ਤੇ ਹੜ੍ਹ ਪੀੜਤਾਂ ਦੀ ਮਦਦ ਅਤੇ ਪਰਵਾਸੀ ਮਜ਼ਦੂਰਾਂ ਦੇ ਮਾਮਲੇ ਵਿਚਾਰੇ ਗਏ। ਨਾਲ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਾਮਬੰਦੀ ਸ਼ੁਰੂ ਕੀਤੀ ਗਈ। ਤਿੰਨ ਦਿਨਾਂ ਅੰਦਰ ਜਥੇਬੰਦੀ ਨੇ ਬਲਾਕ ਜਗਰਾਉਂ ਦੇ ਪਿੰਡ ਭੰਮੀਪੁਰਾ, ਲੱਖਾ, ਚਕਰ, ਹਠੂਰ, ਬੁਰਜ ਕਲਾਲਾ, ਬੱਸੂਵਾਲ ਆਦਿ ਪਿੰਡਾਂ ਵਿੱਚ ਇਕੱਤਰਤਾ ਕੀਤੀ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਮੀਟਿੰਗਾਂ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਤੇ ਹੋਰ ਆਗੂ ਸ਼ਾਮਲ ਹੋਏ।
ਰਛਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਮੁਲਾਂਪੁਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਲਏ ਫ਼ੈਸਲੇ ਮੁਤਾਬਕ ਹੜ੍ਹ ਪੀੜਤ ਇਲਾਕਿਆਂ ਵਿੱਚ ਗਾਰ ਸਾਫ਼ ਕਰਨ, ਜ਼ਮੀਨ ਬਿਜਾਈ ਲਈ ਤਿਆਰ ਕਰਨ, ਰੇਹ, ਡੀਜ਼ਲ, ਕਣਕ ਦਾ ਬੀਜ ਅਤੇ ਪਸ਼ੂਆਂ ਲਈ ਫੀਡ ਆਦਿ ਮਦਦ ਪਹੁੰਚਾਈ ਜਾਵੇਗੀ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹੜ੍ਹ ਕੁਦਰਤੀ ਕਰੋਪੀ ਨਾਲੋਂ ਸਰਕਾਰੀ ਕਰੋਪੀ ਵੱਧ ਸਾਬਤ ਹੋਏ ਹਨ। ਹੜ੍ਹਾਂ ਨਾਲ ਹੋਏ ਨੁਕਸਾਨ ਕਰਕੇ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਗਈ। ਹੜ੍ਹਾਂ ਪ੍ਰਭਾਵਿਤ ਇਲਾਕੇ ਵਿੱਚ ਵਧ ਰਹੇ ਚਮੜੀ ਰੋਗ ਕਰਕੇ ਤੁਰੰਤ ਮੈਡੀਕਲ ਸਹਾਇਤਾ ਭੇਜਣ ਦੀ ਵੀ ਮੰਗ ਕੀਤੀ ਗਈ। ਹੁਸ਼ਿਆਰਪੁਰ ਦੇ ਪਿੰਡ ਹੂਸੈਨਪੁਰਾ ਵਿੱਚ ਮਾਸੂਮ ਬੱਚੇ ਦੇ ਕਾਤਲ ਨੂੰ ਸਖ਼ਤ ਸਜਾ ਦੇਣ ਦੀ ਮੰਗ ਕਰਦਿਆਂ ਪਰਵਾਸੀ ਮਜ਼ਦੂਰਾਂ ਨੂੰ ਭਜਾਉਣ ਦੇ ਹੋਕੇ ਦੀ ਨਿਖੇਧੀ ਕੀਤੀ ਗਈ। ਇਸੇ ਤਰ੍ਹਾਂ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਪਿੰਡ ਲੀਲਾਂ ਮੇਘ ਸਿੰਘ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਸੱਕਤਰ ਕੁਲਵੰਤ ਸਿੰਘ ਗਾਲਿਬ ਨੇ ਦੱਸਿਆ ਕਿ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਪਹੁੰਚਾਉਣ ਬਾਰੇ ਚਰਚਾ ਹੋਈ ਅਤੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਵਿਰੋਧ ਕਰਦਿਆਂ ਇਹ ਅੰਤਰਰਾਜੀ ਮਜ਼ਦੂਰ ਪੰਜਾਬ ਦੀ ਖੇਤੀ ਤੇ ਸਨਅਤ ਦੀ ਰੀੜ ਦੀ ਹੱਡੀ ਕਰਾਰ ਦਿੱਤੇ ਗਏ। ਇਸ ਸਮੇਂ ਇੰਦਰਜੀਤ ਸਿੰਘ, ਕੁਲਬੀਰ ਸਿੰਘ ਤਿਹਾੜਾ, ਹਰਜਿੰਦਰ ਸਿੰਘ ਭਮਾਲ, ਚਰਨਜੀਤ ਸਿੰਘ ਸ਼ੇਖਦੌਲਤ, ਮਨਜਿੰਦਰ ਸਿੰਘ ਸਲੇਮਪੁਰ, ਹਰਜੀਤ ਸਿੰਘ ਸਵੱਦੀ ਖੁਰਦ, ਹਰਜਿੰਦਰ ਸਿੰਘ ਤੂਰ, ਮਨਜੀਤ ਸਿੰਘ ਸ਼ੇਰਪੁਰ ਕਲਾਂ ਹਾਜ਼ਰ ਸਨ।