ਕਿਸਾਨਾਂ ਵੱਲੋਂ ਨਾਇਬ ਤਹਿਸੀਲਦਾਰ ਨਾਲ ਮੁਲਾਕਾਤ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਅੱਜ ਇਥੇ ਨਾਇਬ ਤਹਿਸੀਲਦਾਰ ਨਾਲ ਮੁਲਾਕਾਤ ਕੀਤੀ ਗਈ। ਕਿਸਾਨ ਆਗੂਆਂ ਨੇ ਬੇਟ ਇਲਾਕੇ ਦੇ ਪਿੰਡ ਬਾਘੀਆਂ ਤੇ ਬਹਾਦਰਕੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਅਤੇ ਗਿਰਦਾਵਰੀ ਦੀਆਂ ਸੂਚੀਆਂ ਸਬੰਧੀ ਨਾਇਬ ਤਹਿਸੀਲਦਾਰ ਪੁਸ਼ਿਵੰਦਰ ਸਿੰਘ ਨਾਲ ਚਰਚਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੀਆਂ ਸੂਚੀਆਂ ਨਾਇਬ ਤਹਿਸੀਲਦਾਰ ਦੇ ਕਹਿਣ ’ਤੇ ਤਿਆਰ ਹੋ ਚੁੱਕੀਆਂ ਹਨ ਪਰ ਸਰਕਾਰ ਵੱਲੋਂ ਹਾਲੇ ਉਹ ਪਿੰਡ ਅਨਲੌਕ ਨਹੀਂ ਕੀਤੇ ਗਈ। ਇਸੇ ਕਰਕੇ ਇਹ ਸੂਚੀਆਂ ਆਨਲਾਈਨ ਨਹੀਂ ਹੋਈਆਂ। ਨਾਇਬ ਤਹਿਸੀਲਦਾਰ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਇਹ ਦੋਵੇਂ ਪਿੰਡ ਅਨਲੌਕ ਹੋਣ ’ਤੇ ਸੂਚੀਆਂ ਆਨਲਾਈਨ ਚਾੜ੍ਹੀਆਂ ਜਾਣਗੀਆਂ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਲਦ ਕੰਮ ਨਿਬੇੜ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਹੋ ਸਕੇ। ਇਨ੍ਹਾਂ ਕਿਸਾਨ ਆਗੂਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਅਤੇ ਬਣਦੀਆਂ ਸਾਰੀਆਂ ਸਹੂਲਤਾਂ ਫੌਰੀ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਸੋਹਣ ਸਿੰਘ ਬਾਘੀਆਂ, ਥੰਮਣ ਸਿੰਘ, ਪਲਵਿੰਦਰ ਸਿੰਘ ਬਹਾਦਰਕੇ, ਲਖਵਿੰਦਰ ਸਿੰਘ ਵੀ ਹਾਜ਼ਰ ਸਨ।
