ਕਿਸਾਨਾਂ ਵੱਲੋਂ ਰਾਮਗੜ੍ਹ ਸਿਵੀਆ ਨੇੜੇ ਪੱਕਾ ਧਰਨਾ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਨੇੜਿਓਂ ਲੰਘਣ ਵਾਲੇ ਗਰੀਨ ਹਾਈਵੇ ’ਤੇ ਚੱਲ ਰਹੇ ਕੰਮ ਨੂੰ ਕਿਸਾਨਾਂ ਨੇ ਲਾਲ ਝੰਡਾ ਦਿਖਾਉਂਦੇ ਹੋਏ ਅੱਜ ਪਿੰਡ ਰਾਮਗੜ੍ਹ ਸਿਵੀਆ ਨੇੜੇ ਪੱਕਾ ਧਰਨਾ ਲਾ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਗਰੀਨ ਹਾਈਵੇ ਦੇ ਘੇਰੇ ਵਿੱਚ ਆਉਣ ਵਾਲੀਆਂ ਜ਼ਮੀਨਾਂ ’ਤੇ ਸਰਕਾਰ ਨੇ ਕਬਜ਼ਾ ਤਾਂ ਕਾਹਲੀ ਨਾਲ ਕਰ ਲਿਆ ਪਰ ਕਿਸਾਨਾਂ ਨੂੰ ਜ਼ਮੀਨਾਂ ਦਾ ਮੁਆਵਜ਼ਾ ਦਿੱਤੇ ਬਿਨਾਂ ਹੀ ਸੜਕ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਕਿਸਾਨ ਆਗੂ ਹਰਬਖ਼ਸ਼ੀਸ਼ ਸਿੰਘ ਚੱਕ ਭਾਈਕਾ ਨੇ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਆਉਣ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਮਿਲਣ ਵਿੱਚ ਸਭ ਤੋਂ ਵੱਡੀ ਅੜਚਣ ਮਾਲ ਵਿਭਾਗ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਤਕਸੀਮ ਦੇ ਮਾਮਲਿਆਂ ਦਾ ਨਿਪਟਾਰਾ ਨਾ ਕੀਤੇ ਜਾਣ ਕਾਰਨ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਬਜ਼ਾ ਲੈਣ ਸਮੇਂ ਅਨੇਕਾਂ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਉਜਾੜ ਦਿੱਤੀ ਸੀ ਅਤੇ ਅੱਗੇ ਤੋਂ ਫ਼ਸਲ ਬੀਜਣ ਤੋਂ ਵੀ ਰੋਕ ਦਿੱਤਾ ਗਿਆ ਸੀ, ਜਦਕਿ ਮੁਆਵਜ਼ਾ ਹਾਲੇ ਤੱਕ ਵੀ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਰਾਸ਼ੀ ਮਿਲਣ ਤੱਕ ਧਰਨਾ ਨਿਰੰਤਰ ਜਾਰੀ ਰਹੇਗਾ।
ਜ਼ਮੀਨ ਤਕਸੀਮ ਕਰਨ ਸਬੰਧੀ ਕਮੇਟੀ ਦੀ ਰਿਪੋਰਟ ’ਤੇ ਹੋਵੇਗੀ ਕਾਰਵਾਈ: ਐੱਸ ਡੀ ਐੱਮ
ਐੱਸ.ਡੀ.ਐੱਮ ਬਰਾੜ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਤਕਸੀਮ ਕਰਨ ਅਤੇ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ ਜੋ ਮੌਕੇ ’ਤੇ ਜਾ ਕੇ ਮਾਮਲੇ ਦਾ ਨਿਪਟਾਰਾ ਕਰੇਗੀ ਅਤੇ ਜਲਦ ਹੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।